ਭਾਰਤ ਦੇ ਪ੍ਰਮਾਣੂ ਪ੍ਰੋਗਰਾਮ ਦੇ ਵਾਸਤੂਕਾਰ ਰਾਜਗੋਪਾਲ ਚਿਦਾਂਬਰਮ ਦਾ ਦਿਹਾਂਤ
Saturday, Jan 04, 2025 - 07:59 PM (IST)
ਨਵੀਂ ਦਿੱਲੀ, (ਭਾਸ਼ਾ)- ਦੇਸ਼ ਦੇ 1974 ਤੇ 1998 ਦੇ ਪ੍ਰਮਾਣੂ ਪ੍ਰੀਖਣਾਂ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਉੱਘੇ ਵਿਗਿਆਨੀ ਰਾਜਗੋਪਾਲ ਚਿਦਾਂਬਰਮ ਦਾ ਸ਼ੁੱਕਰਵਾਰ ਦੇਰ ਰਾਤ ਦਿਹਾਂਤ ਹੋ ਗਿਆ। ਉਹ 88 ਸਾਲ ਦੇ ਸਨ।
ਪ੍ਰਮਾਣੂ ਊਰਜਾ ਵਿਭਾਗ ਦੇ ਇਕ ਅਧਿਕਾਰੀ ਨੇ ਸ਼ਨੀਵਾਰ ਦੱਸਿਆ ਕਿ ਪ੍ਰਮਾਣੂ ਹਥਿਆਰ ਪ੍ਰੋਗਰਾਮ ਨਾਲ ਜੁੜੇ ਚਿਦਾਂਬਰਮ ਨੇ ਮੁੰਬਈ ਦੇ ਜਸਲੋਕ ਹਸਪਤਾਲ ’ਚ ਤੜਕੇ 3.20 ਵਜੇ ਆਖਰੀ ਸਾਹ ਲਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਚਿਦਾਂਬਰਮ ਦੇ ਦਿਹਾਂਤ ਤੋਂ ਬਹੁਤ ਦੁਖੀ ਹਾਂ। ਉਹ ਭਾਰਤ ਦੇ ਪ੍ਰਮਾਣੂ ਪ੍ਰੋਗਰਾਮ ਦੇ ਮੁੱਖ ਵਾਸਤੂਕਾਰਾਂ ’ਚੋਂ ਇਕ ਸਨ।
ਉਨ੍ਹਾਂ ਭਾਰਤ ਦੀਆਂ ਵਿਗਿਆਨਕ ਤੇ ਰਣਨੀਤਕ ਸਮਰੱਥਾਵਾਂ ਨੂੰ ਮਜ਼ਬੂਤ ਕਰਨ ’ਚ ਅਹਿਮ ਯੋਗਦਾਨ ਪਾਇਆ। ਸਮੁੱਚੀ ਕੌਮ ਉਨ੍ਹਾਂ ਨੂੰ ਸ਼ਰਧਾ ਭਾਵਨਾ ਨਾਲ ਯਾਦ ਰੱਖੇਗੀ। ਉਨ੍ਹਾਂ ਦੇ ਯਤਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ।