ਰਾਜਸਥਾਨ : ਕੁੜੀ ਦਾ ਗੁਆਂਢੀ 'ਤੇ ਜਬਰ ਜ਼ਨਾਹ ਦਾ ਦੋਸ਼, ਪੁਲਸ ਨੇ ਦੋਹਾਂ ਦਾ ਕਰਵਾਇਆ ਵਿਆਹ
Tuesday, May 11, 2021 - 10:33 AM (IST)
ਕੋਟਾ- ਰਾਜਸਥਾਨ ਦੇ ਕੋਟਾ ਜ਼ਿਲ੍ਹੇ 'ਚ ਸੋਮਵਾਰ ਨੂੰ ਜਬਰ ਜ਼ਨਾਹ ਦੇ ਦੋਸ਼ੀ ਨੇ ਪੀੜਤਾ ਨਾਲ ਪੁਲਸ ਥਾਣੇ 'ਚ ਵਿਆਹ ਕਰ ਲਿਆ। ਇਹ ਜਾਣਕਾਰੀ ਪੁਲਸ ਨੇ ਦਿੱਤੀ। ਦੋਹਾਂ ਨੇ ਪੁਲਸ ਦੀ ਮਦਦ ਨਾਲ ਸਮਝੌਤਾ ਕੀਤਾ ਅਤੇ ਉਸ ਤੋਂ ਬਾਅਦ ਵਿਆਹ ਦਾ ਫ਼ੈਸਲਾ ਕੀਤਾ। ਕੋਟਾ (ਗ੍ਰਾਮੀਣ) ਦੇ ਪੁਲਸ ਸੁਪਰਡੈਂਟ ਸ਼ਰਦ ਚੌਧਰੀ ਨੇ ਦੱਸਿਆ ਕਿ ਰਾਮਗੰਜ ਮੰਡੀ ਪੁਲਸ ਥਾਣੇ ਦੇ ਕੈਂਪਸ ਸਥਿਤ ਮੰਦਰ 'ਚ ਹੋਏ ਵਿਆਹ ਦੌਰਾਨ ਕੁੜੀ ਦਾ ਭਰਾ ਅਤੇ ਮੁੰਡੇ ਦਾ ਪਿਤਾ ਮੌਜੂਦ ਸਨ ਅਤੇ ਲਾੜਾ-ਲਾੜੀ ਨੇ ਇਕ-ਦੂਜੇ ਨੂੰ ਵਰਮਾਲਾ ਪਹਿਨਾ ਕੇ ਵਿਆਹ ਕੀਤਾ। ਪੁਲਸ ਨੇ ਦੱਸਿਆ ਕਿ ਇਸ ਮਹੀਨੇ ਦੀ ਸ਼ੁਰੂਆਤ 'ਚ ਪੀੜਤਾ ਨੇ ਗੁਆਂਢੀ ਮੋਤੀਲਾਲ ਵਿਰੁੱਧ ਆਈ.ਪੀ.ਸੀ. ਦੀ ਧਾਰਾ 376 ਦੇ ਅਧੀਨ ਜਬਰ ਜ਼ਨਾਹ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਦੋਹਾਂ ਵਿਚਾਲੇ ਪ੍ਰੇਮ ਸੰਬੰਧ ਸਨ ਅਤੇ ਮੋਤੀਲਾਲ ਵਲੋਂ ਵਿਆਹ ਤੋਂ ਇਨਕਾਰ ਕਰਨ ਤੋਂ ਬਾਅਦ ਕੁੜੀ ਨੇ ਪੁਲਸ 'ਚ ਉਸ ਵਿਰੁੱਧ ਸ਼ਿਕਾਇਤ ਦਰਜ ਕਰਵਾ ਦਿੱਤੀ। ਚੌਧਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਵਿਆਹ ਕੋਰੋਨਾ ਸੰਬੰਧੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਕਰਵਾਈ ਗਈ। ਰਾਮਗੰਜ ਮੰਡੀ ਥਾਣੇ ਦੇ ਇੰਚਾਰਜ ਹਰੀਸ਼ ਭਾਰਤੀ ਨੇ ਦੱਸਿਆ ਕਿ ਮਾਮਲਾ ਅਦਾਲਤ 'ਚ ਵਿਚਾਰ ਅਧੀਨ ਹੈ। ਇਸ ਵਿਚ ਰਾਮਗੰਜ ਮੰਡੀ ਦੇ ਉੱਪ ਡਿਵੀਜ਼ਨਲ ਮੈਜਿਸਟਰੇਟ ਬਾਲਕਿਸ਼ਨ ਤਿਵਾੜੀ ਨੇ ਕੋਰੋਨਾ ਦੇ ਮੱਦੇਨਜ਼ਰ ਜੋੜੇ ਨੂੰ ਵਿਆਹ ਸਮਾਰੋਹ ਆਯੋਜਿਤ ਕਰਨ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕੀਤਾ।