ਕੋਰੋਨਾ ਵਾਇਰਸ ਨਾਲ ਰਾਜਸਥਾਨ ''ਚ 3 ਹੋਰ ਮੌਤਾਂ, 33 ਨਵੇਂ ਮਾਮਲੇ ਆਏ ਸਾਹਮਣੇ

Friday, May 01, 2020 - 11:31 AM (IST)

ਕੋਰੋਨਾ ਵਾਇਰਸ ਨਾਲ ਰਾਜਸਥਾਨ ''ਚ 3 ਹੋਰ ਮੌਤਾਂ, 33 ਨਵੇਂ ਮਾਮਲੇ ਆਏ ਸਾਹਮਣੇ

ਜੈਪੁਰ- ਰਾਜਸਥਾਨ 'ਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਤਿੰਨ ਹੋਰ ਲੋਕਾਂ ਦੀ ਮੌਤ ਹੋ ਗਈ। ਸੂਬੇ 'ਚ ਇਸ ਖਤਰਨਾਕ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 61 ਹੋ ਗਈ ਹੈ। ਇਸ ਵਿਚ 33 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸੂਬੇ 'ਚ ਮਰੀਜ਼ਾਂ ਦੀ ਗਿਣਤੀ ਵਧ ਕੇ 2,617 ਹੋ ਗਈ। ਸੂਬੇ ਦੇ ਮੁੱਖ ਸਕੱਤਰ (ਸਿਹਤ) ਰੋਹਿਤ ਕੁਮਾਰ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜੈਪੁਰ 'ਚ 2 ਅਤੇ ਬੀਕਾਨੇਰ 'ਚ ਇਕ ਪੀੜਤ ਦੀ ਮੌਤ ਹੋਈ। ਬਸੋਨੀ, ਨਾਗੌਰ ਦੀ 26 ਸਾਲ ਦੀ ਇਕ ਔਰਤ ਬੀਕਾਨੇਰ ਦੇ ਪੀ.ਬੀ.ਐੱਮ. 'ਚ ਭਰਤੀ ਸੀ, ਜਿਸ ਦਾ ਬੁੱਧਵਾਰ ਨੂੰ ਦਿਹਾਂਤ ਹੋ ਗਿਆ। ਉਸ ਦੀ ਰਿਪੋਰਟ 'ਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਉੱਥੇ ਹੀ ਜੈਪੁਰ 'ਚ 32 ਸਾਲ ਦੇ ਨੌਜਵਾਨ ਦੀ ਬੁੱਧਵਾਰ ਨੂੰ ਅਤੇ 62 ਸਾਲ ਦੇ ਵਿਅਕਤੀ ਦੀ ਵੀਰਵਾਰ ਨੂੰ ਮੌਤ ਹੋਈ ਸੀ, ਉਹ ਵੀ ਇਨਫੈਕਟਡ ਪਾਏ ਗਏ ਸਨ।

ਸੂਬੇ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਜੁੜੀਆਂ ਮੌਤਾਂ ਦੀ ਗਿਣਤੀ ਵਧ ਕੇ 61 ਹੋ ਗਈ ਹੈ। ਇਕੱਲੇ ਜੈਪੁਰ 'ਚ 34 ਲੋਕਾਂ ਦੀ ਮੌਤ ਹੋਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਮਾਮਲਿਆਂ 'ਚ ਰੋਗੀ ਕਿਸੇ ਨਾ ਕਿਸੇ ਹੋਰ ਗੰਭੀਰ ਬੀਮਾਰੀ ਨਾਲ ਵੀ ਪੀੜਤ ਸੀ। ਉੱਥੇ ਹੀ ਸੂਬੇ 'ਚ 9 ਵਜੇ ਤੱਕ ਕੋਰੋਨਾ ਵਾਇਰਸ ਇਨਫੈਕਸ਼ਨ ਦੇ 33 ਨਵੇਂ ਮਾਮਲੇ ਆਏ, ਜਿਨਾਂ 'ਚ ਜੈਪੁਰ 'ਚ 6, ਅਜਮੇਰ 'ਚ 11, ਕੋਟਾ 'ਚ 7, ਚਿਤੌੜਗੜ 'ਚ 7 ਨਵੇਂ ਮਾਮਲੇ ਵੀ ਸ਼ਾਮਲ ਹਨ। ਰਾਜਸਥਾਨ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਕੁੱਲ ਮਾਮਲਿਆਂ 'ਚ 2 ਇਤਾਲਵੀ ਨਾਗਰਿਕਾਂ ਦੇ ਨਾਲ-ਨਾਲ 61 ਉਹ ਲੋਕ ਵੀ ਹਨ, ਜਿਨਾਂ ਨੂੰ ਈਰਾਨ ਤੋਂ ਲਿਆ ਕੇ ਜੋਧਪੁਰ ਅਤੇ ਜੈਸਲਮੇਰ 'ਚ ਫੌਜ ਦੇ ਅਰੋਗ ਕੇਂਦਰਾਂ 'ਚ ਠਹਿਰਾਇਆ ਗਿਆ ਹੈ। ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਰਾਜ ਭਰ 'ਚ ਕਈ ਥਾਣਾ ਖੇਤਰਾਂ 'ਚ ਕਰਫਿਊ ਲੱਗਾ ਹੋਇਆ ਹੈ।


author

DIsha

Content Editor

Related News