BSF ਨੇ ਪਾਕਿਸਤਾਨੀ ਘੁਸਪੈਠੀਏ ਨੂੰ ਕੀਤਾ ਢੇਰ
Sunday, Mar 21, 2021 - 12:32 PM (IST)
ਸ਼੍ਰੀਗੰਗਾਨਗਰ- ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ 'ਚ ਅਨੂਪਗੜ੍ਹ ਸੈਕਟਰ 'ਚ ਇਕ ਸ਼ੱਕੀ ਪਾਕਿਸਤਾਨੀ ਘੁਸਪੈਠੀਏ ਨੂੰ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਢੇਰ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੈਕਟਰ ਦੀ ਸ਼ੇਰਪੁਰਾ ਸਰਹੱਦ ਚੌਕੀ ਨੇੜੇ ਸ਼ਨੀਵਾਰ ਲਗਭਗ 7 ਵਜੇ ਬੀ.ਐੱਸ.ਐੱਫ. ਦੇ ਜਵਾਨਾਂ ਨੇ ਅੰਤਰਰਾਸ਼ਟਰੀ ਸਰਹੱਦ ਪਾਰ ਕਰ ਕੇ ਇਕ ਨੌਜਵਾਨ ਨੂੰ ਭਾਰਤੀ ਖੇਤਰ 'ਚ ਆਉਂਦੇ ਹੋਏ ਦੇਖਿਆ। ਚੇਤਾਵਨੀ ਦੇ ਬਾਵਜੂਦ ਵੀ ਇਹ ਨੌਜਵਾਨ ਤਾਰਬੰਦੀ ਨੇੜੇ ਆ ਗਿਆ। ਜਵਾਨਾਂ ਨੇ ਉਸ ਨੂੰ ਚੇਤਾਵਨੀ ਦਿੱਤੀ, ਉਹ ਫਿਰ ਵੀ ਨਹੀਂ ਰੁਕਿਆ। ਇਸ 'ਤੇ ਜਵਾਨਾਂ ਨੇ ਗੋਲੀਬਾਰੀ ਕਰ ਦਿੱਤੀ, ਜਿਸ 'ਚ ਸ਼ੱਕੀ ਘੁਸਪੈਠੀਆ ਮਾਰਿਆ ਗਿਆ। ਘਟਨਾ ਦੀ ਸੂਚਨਾ ਮਿਲਣ 'ਤੇ ਬੀ.ਐੱਸ.ਐੱਫ. ਦੇ ਉੱਚ ਅਧਿਕਾਰੀ ਸ਼ੇਰਪੁਰਾ ਬਾਰਡਰ ਪੋਸਟ ਪਹੁੰਚੇ। ਬੀ.ਐੱਸ.ਐੱਫ. ਨੇ ਪੁਲਸ ਨੂੰ ਘੁਸਪੈਠੀਏ ਦੇ ਮਾਰੇ ਜਾਣ ਦੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਕਸ਼ਮੀਰ 'ਚ ਅੱਤਵਾਦੀ ਘਟਨਾਵਾਂ 'ਚ ਆਈ ਕਮੀ ਪਰ ਪਾਕਿਸਤਾਨੀ ਗੋਲੀਬਾਰੀ ਵਧੀ : ਸਰਕਾਰ
ਅਨੂਪਗੜ੍ਹ ਥਾਣਾ ਇੰਚਾਰਜ ਸੁਰੇਂਦਰ ਪੂਨੀਆ ਫ਼ੋਰਸ ਸਮੇਤ ਮੌਕੇ 'ਤੇ ਪਹੁੰਚੇ। ਮੌਕੇ ਦੀ ਕਾਰਵਾਈ ਤੋਂ ਬਾਅਦ ਦੇਰ ਰਾਤ ਲਗਭਗ 10.30 ਵਜੇ ਘੁਸਪੈਠੀਏ ਦੀ ਲਾਸ਼ ਨੂੰ ਅਨੂਪਗੜ੍ਹ ਸਰਕਾਰੀ ਹਸਪਤਾਲ ਲਿਆਂਦਾ ਗਿਆ। ਸੂਤਰਾਂ ਨੇ ਦੱਸਿਆ ਕਿ ਉਸ ਦੇ ਕੱਪੜਿਆਂ 'ਚ ਕੁਝ ਵੀ ਸ਼ੱਕੀ ਨਹੀਂ ਮਿਲਿਆ। ਹੁਣ ਘੁਸਪੈਠੀਏ ਦੀ ਲਾਸ਼ ਪਾਕਿਸਤਾਨ ਨੂੰ ਸੌਂਪਣ ਲਈ ਬੀ.ਐੱਸ.ਐੱਫ. ਅਤੇ ਪਾਕਿਸਤਾਨ ਰੇਂਜਰਸ 'ਚ ਫਲੈਗ ਮੀਟਿੰਗ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਮਾਰਿਆ ਗਿਆ ਜੈਸ਼ ਕਮਾਂਡਰ ਸੱਜਾਦ ਅਫ਼ਗਾਨੀ, IG ਨੇ ਸੁਰੱਖਿਆ ਫ਼ੋਰਸਾਂ ਨੂੰ ਦਿੱਤੀ ਵਧਾਈ