10 ਸਾਲ ਤੱਕ ਇਕ ਵੀ ਦਿਨ ਸਕੂਲ ਤੋਂ ਨਹੀਂ ਲਈ ਛੁੱਟੀ, ਯਸ਼ਸਵੀ ਨੇ ਬਣਾਇਆ ਰਿਕਾਰਡ

Sunday, Jul 12, 2020 - 10:57 AM (IST)

ਜੋਧਪੁਰ— ਸਾਡੀ ਜ਼ਿੰਦਗੀ ਦਾ ਸੁਨਹਿਰੀ ਪਲ ਹੁੰਦਾ ਹੈ ਬਚਪਨ ਅਤੇ ਇਸ ਦਰਮਿਆਨ ਸਾਨੂੰ ਸਾਰਿਆਂ ਨੂੰ ਸ਼ਾਇਦ ਔਖਾ ਵੀ ਲੱਗਾ ਹੋਵੇਗਾ ਕਿ ਸਕੂਲ ਜਾਣਾ ਹੈ। ਕਈ ਬੱਚੀ ਸਕੂਲ ਜਾਣ ਤੋਂ ਕੰਨੀ ਕਤਰਾਉਂਦੇ ਹਨ। ਕੋਈ ਨਾ ਕੋਈ ਬਹਾਨਾ ਬਣਾ ਕੇ ਲੈਂਦੇ ਹਨ ਅਤੇ ਸਕੂਲ ਤੋਂ ਛੁੱਟੀ ਕਰ ਲੈਂਦੇ ਹਨ ਪਰ ਰਾਜਸਥਾਨ ਦੇ ਜੋਧਪੁਰ ਦੀ ਯਸ਼ਸਵੀ ਸੋਨੀ ਨੂੰ ਸਕੂਲ ਜਾਣਾ ਇੰਨਾ ਪਸੰਦ ਹੈ ਕਿ ਉਸ ਨੇ ਜਮਾਤ ਤੀਜੀ ਤੋਂ ਲੈ ਕੇ 12ਵੀਂ ਤੱਕ ਇਕ ਵੀ ਦਿਨ ਸਕੂਲ ਤੋਂ ਛੁੱਟੀ ਨਹੀਂ ਲਈ। ਯਸ਼ਸਵੀ ਸਾਲ 2009 'ਚ ਤੀਜੀ ਜਮਾਤ ਵਿਚ ਸੀ ਅਤੇ 2019 ਵਿਚ ਉਸ ਨੇ 12ਵੀਂ ਜਮਾਤ ਪੂਰੀ ਕੀਤੀ। ਸਕੂਲ 'ਚ ਲਗਾਤਾਰ 10 ਸਾਲ ਤੱਕ ਇਕ ਵੀ ਦਿਨ ਛੁੱਟੀ ਨਾ ਲੈਣ ਦਾ ਯਸ਼ਸਵੀ ਨੇ ਰਿਕਾਰਡ ਬਣਾਇਆ ਹੈ। ਉਸ ਨੂੰ ਤਿੰਨ ਵਾਰ ਨੈਸ਼ਨਲ ਐਵਾਰਡ ਵੀ ਮਿਲ ਚੁੱਕਾ ਹੈ। 

ਇੰਡੀਆ ਬੁਕ ਆਫ ਰਿਕਾਰਡਜ਼ 'ਚ ਦਰਜ ਨਾਂ—
ਲਗਾਤਾਰ 10 ਸਾਲ ਤੱਕ 100 ਫੀਸਦੀ ਹਾਜ਼ਰੀ ਦੇਣ ਵਾਲੀ ਯਸ਼ਸਵੀ ਦਾ ਨਾਂ ਇੰਡੀਆ ਬੁਕ ਆਫ ਰਿਕਾਰਡਜ਼ ਵਿਚ ਦਰਜ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਯਸ਼ਸਵੀ ਹੁਣ ਗਿਨੀਜ਼ ਬੁਕ ਆਫ ਵਰਲਡ ਰਿਕਾਰਡ ਲਈ ਐਂਟਰੀ ਭੇਜਣ ਦੀ ਤਿਆਰੀ ਵਿਚ ਹੈ। ਸਾਲ 2019 ਵਿਚ ਉਹ ਸਟੂਡੈਂਸ ਆਫ ਦਿ ਈਅਰ ਬਣੀ। ਸੈਂਟ ਪੈਟਿਕ੍ਰਸ ਵਿਦਿਆ ਭਵਨ ਵਿਚ ਯਸ਼ਸਵੀ ਨੇ ਪੜ੍ਹਾਈ ਕੀਤੀ। ਸਕੂਲ ਦੇ 85 ਸਾਲ ਦੇ ਇਤਿਹਾਸ ਵਿਚ ਯਸ਼ਸਵੀ ਪਹਿਲੀ ਵਿਦਿਆਰਥਣ ਸੀ, ਜਿਸ ਨੂੰ ਇਹ ਸਨਮਾਨ ਮਿਲਿਆ। 

ਰਿਕਾਰਡ ਦਾ ਮਾਪਿਆਂ ਨੂੰ ਦਿੰਦੀ ਹੈ ਸਿਹਰਾ—
ਯਸ਼ਸਵੀ ਦੱਸਦੀ ਹੈ ਕਿ ਉਹ ਇਸ ਰਿਕਾਰਡ ਦਾ ਸਿਹਰਾ ਆਪਣੇ ਮਾਪਿਆਂ ਨੂੰ ਦਿੰਦੀ ਹੈ। ਜਦੋਂ ਮੈਂ ਛੋਟੀ ਸੀ ਤਾਂ ਮੇਰੇ ਮਾਪਿਆਂ ਨੇ ਹੀ ਮੈਨੂੰ ਸਕੂਲ ਜਾਣ ਲਈ ਉਤਸ਼ਾਹਿਤ ਕੀਤਾ। ਉਸ ਦਾ ਕਹਿਣਾ ਹੈ ਕਿ ਜੇਕਰ ਮੇਰੇ ਮਾਪੇ ਹੀ ਮੇਰੀ ਬਾਂਹ ਨਾ ਫੜ੍ਹਦੇ ਤਾਂ ਮੈਂ ਕਦੇ ਸਕੂਲ ਜਾਂਦੀ ਹੀ ਨਾ। ਉਨ੍ਹਾਂ ਨੇ ਸਕੂਲ ਜਾਣ ਲਈ ਪ੍ਰੇਰਿਤ ਕੀਤਾ ਅਤੇ ਉਦੋਂ ਤੋਂ ਹੀ ਸਕੂਲ ਜਾਣ ਦੀ ਆਦਤ ਪੈ ਗਈ ਅਤੇ ਹਰ ਸਾਲ 100 ਫੀਸਦੀ ਹਾਜ਼ਰੀ ਰੱਖਣ ਦਾ ਸ਼ੌਕ ਹੀ ਬਣ ਗਿਆ। 

ਘੁੰਮਣਾ ਬੇਹੱਦ ਪਸੰਦ ਹੈ—
ਯਸ਼ਸਵੀ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਹੈ ਕਿ ਮੈਨੂੰ ਘੁੰਮਣਾ ਪਸੰਦ ਨਹੀਂ ਹੈ। ਮੈਨੂੰ ਘੁੰਮਣਾ ਬਹੁਤ ਪਸੰਦ ਹੈ। ਨਾ ਹੀ ਮੈਂ ਕਦੇ ਕੋਈ ਪਾਰਟੀ ਮਿਸ ਕੀਤੀ ਅਤੇ ਨਾ ਹੀ ਵਿਆਹ ਸਮਾਰੋਹ। ਉਸ ਨੇ ਦੱਸਿਆ ਕਿ 12ਵੀਂ ਜਮਾਤ ਵਿਚ ਚਚੇਰੇ ਭੈਣ ਦਾ ਵਿਆਹ ਸੀ ਅਤੇ ਅਗਲੇ ਦਿਨ ਹੀ ਮੇਰਾ ਵਿਗਿਆਨ ਦਾ ਇਮਤਿਹਾਨ ਸੀ। ਮੈਂ ਪੂਰੀ ਰਾਤ ਵਿਆਹ ਸਮਾਰੋਹ ਵਿਚ ਰਹੀ ਅਤੇ ਸਵੇਰੇ ਤਿਆਰ ਹੋ ਕੇ ਸਕੂਲ ਪਹੁੰਚ ਗਈ ਅਤੇ ਇਮਤਿਹਾਨ ਦਿੱਤਾ। ਯਸ਼ਸਵੀ ਦਾ ਕਹਿਣਾ ਹੈ ਕਿ ਉਹ ਇੰਟੀਰੀਅਰ ਡਿਜ਼ਾਈਨਰ ਬਣਨਾ ਚਾਹੁੰਦੀ ਹੈ। ਨੈਸ਼ਨਲ ਇੰਸਟੀਚਿਊਟ ਆਫ਼ ਡਿਜ਼ਾਈਨ ਵਿਚ ਇੰਟਰਵਿਊ ਹੋ ਚੁੱਕੀ ਹੈ ਅਤੇ ਫਾਈਨਲ ਰਿਜਲਟ ਦੀ ਉਡੀਕ ਹੈ। 


Tanu

Content Editor

Related News