ਰਾਜਸਥਾਨ: ਗੈਸ ਟੈਂਕਰ ਹਾਦਸੇ ''ਚ 2 ਹੋਰ ਜ਼ਖ਼ਮੀਆਂ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 15 ਤੱਕ ਪੁੱਜੀ
Tuesday, Dec 24, 2024 - 06:49 PM (IST)

ਜੈਪੁਰ (ਏਜੰਸੀ)- ਜੈਪੁਰ ਵਿਚ ਮੰਗਲਵਾਰ ਨੂੰ ਗੈਸ ਟੈਂਕਰ ਹਾਦਸੇ ਵਿਚ ਗੰਭੀਰ ਰੂਪ ਵਿਚ ਝੁਲਸੇ 2 ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਨਾਲ ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ 15 ਹੋ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਰਕਾਰੀ ਐੱਸ.ਐੱਮ.ਐੱਸ. ਹਸਪਤਾਲ ਦੇ ਸੁਪਰਡੈਂਟ ਡਾਕਟਰ ਸੁਸ਼ੀਲ ਭਾਟੀ ਨੇ ਦੱਸਿਆ, "ਅੱਜ ਸਵੇਰੇ 2 ਜ਼ਖ਼ਮੀਆਂ ਦੀ ਮੌਤ ਹੋ ਗਈ।"
ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਝੁਲਸਣ ਕਾਰਨ ਹਸਪਤਾਲ ਵਿੱਚ ਦਾਖ਼ਲ 3 ਵਿਅਕਤੀਆਂ ਨੂੰ ਕੱਲ੍ਹ ਛੁੱਟੀ ਦੇ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਸਮੇਂ 18 ਜ਼ਖਮੀਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ, ਜਿਨ੍ਹਾਂ 'ਚੋਂ 5 ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਇੱਕ-ਦੋ ਵਿਅਕਤੀਆਂ ਦੀ ਹਾਲਤ ਵਿੱਚ ਸੁਧਾਰ ਹੁੰਦਾ ਹੈ ਤਾਂ ਉਨ੍ਹਾਂ ਨੂੰ ਅੱਜ ਹੀ ਛੁੱਟੀ ਦੇ ਦਿੱਤੀ ਜਾਵੇਗੀ। ਜੈਪੁਰ ਦੇ ਭੰਕਰੋਟਾ ਇਲਾਕੇ ਵਿੱਚ ਸ਼ੁੱਕਰਵਾਰ ਤੜਕੇ ਜੈਪੁਰ-ਅਜਮੇਰ ਹਾਈਵੇਅ ਉੱਤੇ ਇੱਕ ਟਰੱਕ ਨੇ ਐੱਲ.ਪੀ.ਜੀ. ਨਾਲ ਭਰੇ ਇੱਕ ਟੈਂਕਰ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਭਿਆਨਕ ਅੱਗ ਲੱਗ ਗਈ ਅਤੇ 35 ਤੋਂ ਵੱਧ ਵਾਹਨ ਪ੍ਰਭਾਵਿਤ ਹੋਏ। ਘਟਨਾ ਵਾਲੇ ਦਿਨ 11 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਹੁਣ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ ਹੈ।