ਅਸ਼ੋਕ ਗਹਿਲੋਤ ਦਾ ਤਿੱਖਾ ਸ਼ਬਦੀ ਵਾਰ, ਸਚਿਨ ਪਾਇਲਟ ਨੂੰ ਕਿਹਾ- ਨਿਕੰਮਾ, ਨਾਕਾਰਾ

Monday, Jul 20, 2020 - 04:53 PM (IST)

ਜੈਪੁਰ— ਰਾਜਸਥਾਨ 'ਚ ਆਏ ਸਿਆਸੀ ਭੂਚਾਲ ਦਰਮਿਆਨ ਪ੍ਰਦੇਸ਼ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸਾਬਕਾ ਉੱਪ ਮੁੱਖ ਮੰਤਰੀ ਸਚਿਨ ਪਾਇਲਟ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਸ਼ਬਦੀ ਹਮਲਾ ਕੀਤਾ ਹੈ। ਗਹਿਲੋਤ ਨੇ ਕਿਹਾ ਕਿ ਸਚਿਨ ਪਾਇਲਟ ਨੇ ਕਾਂਗਰਸ ਦੀ ਪਿੱਠ 'ਚ ਛੁਰਾ ਮਾਰਿਆ ਹੈ। ਉਨ੍ਹਾਂ ਨੂੰ ਕਾਫੀ ਘੱਟ ਉਮਰ ਵਿਚ ਬਹੁਤ ਕੁਝ ਮਿਲ ਗਿਆ ਸੀ। ਮੁੱਖ ਮੰਤਰੀ ਗਹਿਲੋਤ ਨੇ ਕਿਹਾ ਕਿ ਅਸੀਂ ਜਾਣਦੇ ਸੀ ਕਿ ਉਹ (ਸਚਿਨ ਪਾਇਲਟ) ਨਿਕੰਮਾ ਹੈ, ਨਾਕਾਰਾ ਹੈ। ਕੁਝ ਕੰਮ ਨਹੀਂ ਕਰ ਰਿਹਾ ਹੈ। ਸਚਿਨ ਪਾਇਲਟ ਨੇ ਜਿਸ ਰੂਪ 'ਚ ਖੇਡ ਖੇਡੀ, ਉਹ ਬਹੁਤ ਬਦਕਿਸਮਤੀ ਵਾਲਾ ਹੈ। ਕਿਸੇ ਨੂੰ ਯਕੀਨ ਨਹੀਂ ਹੁੰਦਾ ਕਿ ਇਹ ਵਿਅਕਤੀ ਅਜਿਹਾ ਕਰ ਸਕਦਾ ਹੈ। ਮਾਸੂਮ ਚਿਹਰਾ, ਹਿੰਦੀ, ਅੰਗਰੇਜ਼ੀ ਦੀ ਚੰਗੀ ਕਮਾਂਡ ਅਤੇ ਪੂਰੇ ਦੇਸ਼ ਦੀ ਮੀਡੀਆ ਨੂੰ ਪ੍ਰਭਾਵਿਤ ਕਰ ਰਿਹਾ ਹੈ।

ਗਹਿਲੋਤ ਨੇ ਕਿਹਾ ਕਿ ਅਸੀਂ ਕਦੇ ਸਚਿਨ 'ਤੇ ਸਵਾਲ ਨਹੀਂ ਕੀਤਾ। 7 ਸਾਲ ਦੇ ਅੰਦਰ ਰਾਜਸਥਾਨ ਹੀ ਇਕ ਅਜਿਹਾ ਸੂਬਾ ਹੈ, ਜਿੱਥੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੂੰ ਬਦਲਣ ਦੀ ਮੰਗ ਨਹੀਂ ਕੀਤੀ ਗਈ। ਅਸੀਂ ਜਾਣਦੇ ਸੀ ਕਿ ਉਹ ਨਿਕੰਮੇ, ਨਾਕਾਰ ਸਨ ਪਰ ਮੈਂ ਇੱਥੇ ਬੈਂਗਨ ਵੇਚਣ ਨਹੀਂ ਆਇਆ ਹਾਂ, ਮੁੱਖ ਮੰਤਰੀ ਬਣ ਕੇ ਆਇਆ ਹਾਂ। ਅਸੀਂ ਨਹੀਂ ਚਾਹੁੰਦੇ ਕਿ ਉਨ੍ਹਾਂ ਖ਼ਿਲਾਫ਼ ਕੋਈ ਕੁਝ ਬੋਲੇ, ਸਾਰਿਆਂ ਨੇ ਉਨ੍ਹਾਂ ਨੂੰ ਸਨਮਾਨ ਦਿੱਤਾ। ਮੁੱਖ ਮੰਤਰੀ ਗਹਿਲੋਤ ਨੇ ਇਹ ਵੀ ਕਿਹਾ ਕਿ ਅੱਜ ਸਚਿਨ ਪਾਇਲਟ ਦੇ ਸਮਰਥਨ 'ਚ ਜਿੰਨੇ ਵਕੀਲ ਕੇਸ ਲੜ ਰਹੇ ਹਨ, ਸਾਰੇ ਮਹਿੰਗੀ ਫੀਸ ਵਾਲੇ ਹਨ ਤਾਂ ਉਨ੍ਹਾਂ ਦਾ ਪੈਸਾ ਕਿੱਥੋਂ ਆ ਰਿਹਾ ਹੈ। ਕੀ ਸਚਿਨ ਪਾਇਲਟ ਸਾਰਾ ਪੈਸਾ ਦੇ ਰਹੇ ਹਨ? ਦੱਸ ਦੇਈਏ ਕਿ ਇਕ ਪਾਸੇ ਕਾਂਗਰਸ ਲੀਡਰਸ਼ਿਪ ਸਚਿਨ ਪਾਇਲਟ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਦੂਜੇ ਪਾਸੇ ਅਸ਼ੋਕ ਗਹਿਲੋਤ ਉਨ੍ਹਾਂ 'ਤੇ ਅਜਿਹੇ ਨਿਸ਼ਾਨਾ ਵਿੰਨ੍ਹ ਰਹੇ ਹਨ। ਇਸ ਤੋਂ ਪਹਿਲਾਂ ਵੀ ਅਸ਼ੋਕ ਨੇ ਪਾਇਲਟ ਨੂੰ ਨਿਸ਼ਾਨੇ 'ਤੇ ਲਿਆ ਸੀ ਅਤੇ ਦੋਸ਼ ਲਾਇਆ ਸੀ ਕਿ ਸਾਡਾ ਡਿਪਟੀ ਸੀ. ਐੱਮ. ਹੀ ਸਰਕਾਰ ਨੂੰ ਡਿਗਾਉਣ ਵਿਚ ਲੱਗਾ ਹੈ।


Tanu

Content Editor

Related News