13 ਘੰਟੇ ਬਾਅਦ ਜ਼ਿੰਦਗੀ ਦੀ ਜੰਗ ਹਾਰ ''ਸੀਮਾ'', 400 ਫੁੱਟ ਡੂੰਘੇ ਬੋਰਵੈਲ ਨੇ ਲਈ ਜਾਨ
Tuesday, May 21, 2019 - 11:07 AM (IST)

ਜੋਧਪੁਰ— ਰਾਜਸਥਾਨ ਦੇ ਜੋਧਪੁਰ ਜ਼ਿਲੇ 'ਚ ਮੇਲਾਨਾ ਪਿੰਡ 'ਚ 13 ਘੰਟੇ ਤਕ ਚਲੀ ਬਚਾਈ ਮੁਹਿੰਮ ਤੋਂ ਬਾਅਦ ਵੀ 4 ਸਾਲ ਦੀ ਬੱਚੀ ਸੀਮਾ ਨੂੰ ਬਚਾਇਆ ਨਹੀਂ ਜਾ ਸਕਿਆ। ਸੀਮਾ ਦੀ ਲਾਸ਼ ਨੂੰ ਮੰਗਲਵਾਰ ਸਵੇਰ ਬਾਹਰ ਕੱਢਿਆ ਗਿਆ। ਉਹ ਸੋਮਵਾਰ ਦੀ ਸ਼ਾਮ ਨੂੰ 400 ਫੁੱਟ ਡੂੰਘੇ ਬੋਰਵੈੱਲ 'ਚ ਡਿੱਗ ਗਈ ਸੀ। ਐਂਬੂਲੈਂਸ ਦੀ ਮਦਦ ਨਾਲ ਬੱਚੀ ਨੂੰ ਆਕਸੀਜਨ ਦਿੱਤੀ ਜਾ ਰਹੀ ਸੀ। ਪੁਲਸ, ਸਿਵਲ ਡਿਫੈਂਸ ਅਤੇ ਐੱਸ. ਡੀ. ਆਰ. ਐੱਫ. ਦੀ ਟੀਮ ਨੇ ਸੋਮਵਾਰ ਦੀ ਸ਼ਾਮ ਨੂੰ ਬਚਾਅ ਮੁਹਿੰਮ ਸ਼ੁਰੂ ਕੀਤੀ ਸੀ। ਜਾਣਕਾਰੀ ਮੁਤਾਬਕ ਰਾਤ 8 ਵਜੇ ਤਕ ਉਸ ਦੇ ਰੋਣ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਜਦੋਂ ਕੇਬਲ ਦੇ ਸਹਾਰੇ ਬੋਰਵੈੱਲ ਕੈਮਰਾ ਉਤਾਰਿਆ ਗਿਆ ਤਾਂ ਪਤਾ ਲੱਗਾ ਕਿ ਉਹ 130 ਫੁੱਟ 'ਤੇ ਫਸੀ ਹੋਈ ਸੀ। ਉਹ ਹੌਲੀ-ਹੌਲੀ ਹੇਠਾਂ ਖਿਸਕਦੀ ਜਾ ਰਹੀ ਸੀ। ਰਾਤ 2 ਵਜੇ ਤਕ ਕੈਮਰੇ ਵਿਚ ਪਾਣੀ ਨਜ਼ਰ ਆਇਆ ਪਰ ਸੀਮਾ ਨਜ਼ਰ ਨਹੀਂ ਆਈ। ਸਵੇਰੇ ਬਚਾਅ ਟੀਮ ਨੇ ਬੋਰਵੈੱਲ 'ਚੋਂ ਉਸ ਦੀ ਲਾਸ਼ ਨੂੰ ਬਾਹਰ ਕੱਢੀ।
ਓਧਰ ਬੱਚੀ ਦੇ ਦਾਦਾ ਦਾ ਕਹਿਣਾ ਹੈ ਕਿ ਖੇਤ ਦੇ ਬੋਰਵੈੱਲ ਦਾ ਪੰਪ ਖਰਾਬ ਹੋ ਗਿਆ ਸੀ, ਜਿਸ ਨੂੰ ਠੀਕ ਕਰਨ ਦਾ ਕੰਮ ਕੀਤਾ ਜਾ ਰਿਹਾ ਸੀ। ਉਸ ਸਮੇਂ ਸੀਮਾ ਆਲੇ-ਦੁਆਲੇ ਹੀ ਖੇਡ ਰਹੀ ਸੀ, ਉਸ ਨੂੰ ਇਕ ਕੀੜੀ ਨੇ ਵੱਢ ਲਿਆ ਸੀ ਅਤੇ ਉਹ ਆਪਣੇ ਦਾਦੇ ਕੋਲ ਆਈ। ਇਸ ਦੌਰਾਨ ਉਹ ਪਿੱਛੇ ਵੱਲ ਜਾਣ ਲੱਗੀ ਅਤੇ ਘਾਹ 'ਚ ਉਸ ਦਾ ਪੈਰ ਧਸ ਗਿਆ। ਜਿਸ ਤੋਂ ਬਾਅਦ ਉਹ ਬੋਰਵੈੱਲ 'ਚ ਡਿੱਗ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਮੌਕੇ 'ਤੇ ਪੁੱਜੀ, ਜਿਸ ਤੋਂ ਬਾਅਦ ਬਚਾਅ ਕੰਮ ਸ਼ੁਰੂ ਹੋਇਆ। ਪਰ ਘੰਟਿਆਂ ਤਕ ਚਲੇ ਇਸ ਬਚਾਅ ਮੁਹਿੰਮ 'ਚ ਬੱਚੀ ਸੀਮਾ ਨੂੰ ਬਚਾਇਆ ਨਹੀਂ ਜਾ ਸਕਿਆ।