ਊਧਵ ਨੇ ਕਾਂਗਰਸ-NCP ਨਾਲ ਹੱਥ ਮਿਲਾ ਕੇ ਸਹੀ ਨਹੀਂ ਕੀਤਾ : ਰਾਜ ਠਾਕਰੇ

Saturday, Dec 21, 2019 - 04:19 PM (IST)

ਊਧਵ ਨੇ ਕਾਂਗਰਸ-NCP ਨਾਲ ਹੱਥ ਮਿਲਾ ਕੇ ਸਹੀ ਨਹੀਂ ਕੀਤਾ : ਰਾਜ ਠਾਕਰੇ

ਪੁਣੇ— ਮਹਾਰਾਸ਼ਟਰ ਨਵਨਿਰਮਾਣ ਸੈਨਾ (ਐੱਮ.ਐੱਨ.ਐੱਸ.) ਮੁਖੀ ਰਾਜ ਠਾਕਰੇ ਨੇ ਸ਼ਿਵ ਸੈਨਾ ਦੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਅਤੇ ਕਾਂਗਰਸ ਨਾਲ ਗਠਜੋੜ ਕਰ ਕੇ ਸਰਕਾਰ ਬਣਾਉਣ 'ਤੇ ਪਹਿਲੀ ਵਾਰ ਪ੍ਰਤੀਕਿਰਿਆ ਦਿੱਤੀ ਹੈ। ਇਕ ਨਿਊਜ਼ ਏਜੰਸੀ ਅਨੁਸਾਰ ਰਾਜ ਠਾਕਰੇ ਨੇ ਕਿਹਾ ਕਿ ਇਹ ਮਹਾਰਾਸ਼ਟਰ ਦੀ ਜਨਤਾ ਦੀ ਬੇਇੱਜ਼ਤੀ ਹੈ। ਐੱਮ.ਐੱਨ.ਐੱਸ. ਮੁਖੀ ਨੇ ਕਿਹਾ ਕਿ ਸ਼ਿਵ ਸੈਨਾ ਦਾ ਐੱਨ.ਸੀ.ਪੀ. ਅਤੇ ਕਾਂਗਰਸ ਨਾਲ ਹੱਥ ਮਿਲਾਉਣਾ (ਗਠਜੋੜ) ਸਹੀ ਨਹੀਂ ਹੈ। ਰਾਜ ਠਾਕਰੇ ਨੇ ਕਿਹਾ ਕਿ ਸ਼ਿਵ ਸੈਨਾ ਅਤੇ ਭਾਜਪਾ ਨੇ ਜਨ ਭਾਵਨਾ ਦਾ ਅਪਮਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਛੱਡ ਕੇ ਜਾਣ ਵਾਲਿਆਂ ਨੂੰ ਚੋਣਾਂ 'ਚ ਵੋਟਰਾਂ ਨੇ ਸਬਕ ਸਿਖਾਉਣ ਦਾ ਕੰਮ ਕੀਤਾ ਹੈ। ਲੋਕ ਮਹਾਵਿਕਾਸ ਅਘਾੜੀ ਸਰਕਾਰ ਤੋਂ ਨਾਖੁਸ਼ ਹਨ।

ਦੱਸਣਯੋਗ ਹੈ ਕਿ 28 ਨਵੰਬਰ ਨੂੰ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਮੁੰਬਈ ਦੇ ਸ਼ਿਵਾਜੀ ਮੈਦਾਨ 'ਚ ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਦੇ ਰੂਪ 'ਚ ਸਹੁੰ ਚੁਕੀ ਸੀ। ਉਨ੍ਹਾਂ ਨੇ ਐੱਨ.ਸੀ.ਪੀ. ਅਤੇ ਕਾਂਗਰਸ ਨਾਲ ਗਠਜੋੜ (ਮਹਾਵਿਕਾਸ ਅਘਾੜੀ) ਕਰ ਕੇ ਰਾਜ 'ਚ ਸਾਂਝੀ ਸਰਕਾਰ ਦਾ ਗਠਨ ਕੀਤਾ ਸੀ। ਇਸ ਤੋਂ ਪਹਿਲਾਂ 24 ਅਕਤੂਬਰ ਨੂੰ ਆਏ ਮਹਾਰਸ਼ਟਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਚ ਕਿਸੇ ਵੀ ਦਲ ਜਾਂ ਪਾਰਟੀ ਨੂੰ ਇਕੱਲੇ ਸਰਕਾਰ ਬਣਾਉਣ ਲਾਇਕ ਸੀਟਾਂ ਨਹੀਂ ਆਈਆਂ ਸਨ। ਭਾਜਪਾ 105 ਸੀਟਾਂ ਨਾਲ ਸਭ ਤੋਂ ਵੱਡਾ ਦਲ ਬਣ ਕੇ ਉੱਭਰਿਆ ਸੀ। ਉੱਥੇ ਹੀ ਉਦੋਂ ਦੀ ਉਸ ਦੀ ਸਹਿਯੋਗੀ ਰਹੀ ਸ਼ਿਵ ਸੈਨਾ ਨੂੰ 54 ਸੀਟਾਂ 'ਤੇ ਜਿੱਤ ਮਿਲੀ ਸੀ। ਐੱਨ.ਸੀ.ਪੀ. ਦੇ ਖਾਤੇ 'ਚ 56 ਸੀਟਾਂ, ਜਦਕਿ ਕਾਂਗਰਸ 44 ਸੀਟਾਂ ਹਾਸਲ ਕਰ ਕੇ ਚੌਥੇ ਸਥਾਨ 'ਤੇ ਰਹੀ ਸੀ। ਰਾਜ ਠਾਕਰੇ ਦੀ ਪਾਰਟੀ ਐੱਮ.ਐੱਨ.ਐੱਸ. ਨੂੰ ਸਿਰਫ਼ ਇਕ ਸੀਟ 'ਤੇ ਹੀ ਜਿੱਤ ਮਿਲੀ ਹੈ।


author

DIsha

Content Editor

Related News