ਭਾਜਪਾ ਨਾਲ ਗਠਜੋੜ ਦੀਆਂ ਅਟਕਲਾਂ ਦਰਮਿਆਨ ਰਾਜ ਠਾਕਰੇ ਨੇ CM ਸ਼ਿੰਦੇ ਅਤੇ ਫੜਨਵੀਸ ਨਾਲ ਕੀਤੀ ਮੁਲਾਕਾਤ

03/21/2024 2:53:29 PM

ਮੁੰਬਈ- ਆਗਾਮੀ ਲੋਕ ਸਭਾ ਚੋਣਾਂ ਵਿਚ ਭਾਜਪਾ ਨਾਲ ਗਠਜੋੜ ਦੀਆਂ ਅਟਕਲਾਂ ਦਰਮਿਆਨ ਮਹਾਰਾਸ਼ਟਰ ਨਵ-ਨਿਰਮਾਣ ਸੈਨਾ (ਮਨਸੇ) ਦੇ ਮੁਖੀ ਰਾਜ ਠਾਕਰੇ ਨੇ ਵੀਰਵਾਰ ਨੂੰ ਮੁੰਬਈ ਵਿਚ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉੱਪ ਮੁੱਖ ਮੰਤਰੀ ਦਵਿੰਦਰ ਫੜਨਵੀਸ ਨਾਲ ਮੁਲਾਕਾਤ ਕੀਤੀ। ਤਿੰਨਾਂ ਨੇਤਾਵਾਂ ਦੀ ਬੈਠਕ ਉਪਨਗਰ ਬਾਂਦਰਾ ਦੇ 'ਤਾਜ ਲੈਂਡਸ ਐਂਡ' ਹੋਟਲ 'ਚ ਹੋ ਰਹੀ ਹੈ। ਰਾਜ ਠਾਕਰੇ ਨੇ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਨਵੀਂ ਦਿੱਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਪਹਿਲਾਂ ਅਜਿਹੇ ਸੰਕੇਤ ਮਿਲੇ ਸਨ ਕਿ ਭਾਜਪਾ ਪੱਛਮੀ ਸੂਬੇ ਵਿਚ ਆਪਣੇ ਗਠਜੋੜ ਨੂੰ ਵਧਾਉਣ ਲਈ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਮਨਸੇ ਨਾਲ ਗਠਜੋੜ ਕਰ ​​ਸਕਦੀ ਹੈ।

ਮਨਸੇ ਦੇ ਸੀਨੀਅਰ ਨੇਤਾ ਬਾਲਾ ਨੰਦਗਾਂਵਕਰ ਨੇ ਕਿਹਾ ਸੀ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਦੋਹਾਂ ਨੇਤਾਵਾਂ ਦੀ ਗੱਲਬਾਤ ਸਕਾਰਾਤਮਕ ਰਹੀ ਅਤੇ ਬੈਠਕ ਦੇ ਵੇਰਵੇ ਇਕ-ਦੋ ਦਿਨਾਂ 'ਚ ਸਾਂਝੇ ਕੀਤੇ ਜਾਣਗੇ। ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਬੁੱਧਵਾਰ ਨੂੰ ਕਿਹਾ ਕਿ ਕੇਂਦਰੀ ਮੰਤਰੀ ਸ਼ਾਹ ਅਤੇ ਰਾਜ ਠਾਕਰੇ ਵਿਚਾਲੇ ਗੱਲਬਾਤ ਸਕਾਰਾਤਮਕ ਰਹੀ ਅਤੇ ਅਗਲੇ ਕੁਝ ਦਿਨਾਂ 'ਚ ਤਸਵੀਰ ਸਪੱਸ਼ਟ ਹੋ ਜਾਵੇਗੀ।

ਜਦੋਂ ਸ਼ਿਵ ਸੈਨਾ ਵੰਡੀ ਨਹੀਂ ਸੀ ਤਾਂ ਰਾਜ ਠਾਕਰੇ ਨੇ ਇਸ ਨਾਲੋਂ ਨਾਤਾ ਤੋੜ ਲਿਆ ਅਤੇ 2006 ਵਿਚ ਮਨਸੇ ਦੀ ਸਥਾਪਨਾ ਕੀਤੀ। ਉਸ ਸਮੇਂ ਦੌਰਾਨ ਸ਼ਿਵ ਸੈਨਾ ਦੀ ਲੀਡਰਸ਼ਿਪ ਊਧਵ ਠਾਕਰੇ ਕਰਦੇ ਸਨ। ਜੇਕਰ ਭਾਜਪਾ ਅਤੇ ਮਨਸੇ ਵਿਚਾਲੇ ਗਠਜੋੜ ਹੁੰਦਾ ਹੈ ਤਾਂ ਉਸ ਨੂੰ ਮੁੰਬਈ 'ਚ ਚੋਣ ਲੜਨ ਲਈ ਸੀਟ ਦਿੱਤੇ ਜਾਣ ਦੀ ਸੰਭਾਵਨਾ ਹੈ। ਮਹਾਰਾਸ਼ਟਰ ਵਿੱਚ 48 ਲੋਕ ਸਭਾ ਸੀਟਾਂ ਲਈ ਪੰਜ ਪੜਾਵਾਂ ਵਿੱਚ 19 ਅਪ੍ਰੈਲ, 26 ਅਪ੍ਰੈਲ, 7 ਮਈ, 13 ਮਈ ਅਤੇ 20 ਮਈ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।


Tanu

Content Editor

Related News