IMD ਦੀ ਭਵਿੱਖਬਾਣੀ; 13 ਜ਼ਿਲ੍ਹਿਆਂ ''ਚ ਗੜੇਮਾਰੀ ਅਤੇ ਤੇਜ਼ ਹਵਾਵਾਂ ਦਾ ਅਲਰਟ
Saturday, Apr 26, 2025 - 04:00 PM (IST)

ਰਾਂਚੀ- ਝਾਰਖੰਡ ਦੇ 13 ਜ਼ਿਲ੍ਹਿਆਂ ਵਿਚ ਐਤਵਾਰ ਨੂੰ ਦੋ ਦਿਨਾਂ ਤੱਕ ਗੜੇਮਾਰੀ ਅਤੇ ਤੇਜ਼ ਹਵਾਵਾਂ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਮੌਸਮ ਵਿਚ ਬਦਲਾਅ ਆਉਣ ਨਾਲ ਜ਼ਿਆਦਾ ਗਰਮੀ ਅਤੇ ਉਸਮ ਤੋਂ ਰਾਹਤ ਮਿਲਣ ਦੀ ਉਮੀਦ ਹੈ ਕਿਉਂਕਿ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਕਾਰਨ ਪਾਰਾ 5 ਡਿਗਰੀ ਸੈਲਸੀਅਸ ਤੱਕ ਡਿੱਗ ਸਕਦਾ ਹੈ।
ਭਾਰਤ ਮੌਸਮ ਵਿਗਿਆਨ ਵਿਭਾਗ ਦੇ ਰਾਂਚੀ ਕੇਂਦਰ ਦੇ ਡਿਪਟੀ ਡਾਇਰੈਕਟਰ ਅਭਿਸ਼ੇਕ ਆਨੰਦ ਨੇ ਕਿਹਾ ਕਿ ਪੂਰੇ ਝਾਰਖੰਡ ਵਿਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਚਾਰ ਡਿਗਰੀ ਵੱਧ ਹੈ। ਬੰਗਾਲ ਦੀ ਖਾੜੀ ਤੋਂ ਆ ਰਹੀ ਨਮੀ ਕਾਰਨ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਉਮੀਦ ਹੈ, ਜਿਸ ਨਾਲ ਐਤਵਾਰ ਤੋਂ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ 26 ਅਤੇ 27 ਅਪ੍ਰੈਲ ਨੂੰ ਝਾਰਖੰਡ ਦੇ ਉੱਤਰ-ਪੂਰਬੀ ਅਤੇ ਕੇਂਦਰੀ ਹਿੱਸਿਆਂ ਵਿਚ ਗੜੇਮਾਰੀ ਦੇਖੀ ਜਾ ਸਕਦੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਖੇਤਰਾਂ ਵਿਚ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ ਨੇ 26 ਅਪ੍ਰੈਲ ਅਤੇ 27 ਅਪ੍ਰੈਲ ਨੂੰ 13 ਜ਼ਿਲ੍ਹਿਆਂ- ਰਾਂਚੀ, ਰਾਮਗੜ੍ਹ, ਬੋਕਾਰੋ, ਧਨਬਾਦ, ਹਜ਼ਾਰੀਬਾਗ, ਕੋਡਰਮਾ, ਗਿਰੀਡੀਹ, ਦੇਵਘਰ, ਜਾਮਤਾੜਾ, ਦੁਮਕਾ, ਪਾਕੁਰ, ਸਾਹਿਬਗੰਜ ਅਤੇ ਗੋਡਾ ਵਿਚ ਗੜੇਮਾਰੀ ਅਤੇ ਤੇਜ਼ ਹਵਾਵਾਂ ਦਾ 'ਆਰੇਂਜ ਅਲਰਟ' ਜਾਰੀ ਕੀਤਾ ਹੈ।