IMD ਦਾ ਅਲਰਟ, ਇਨ੍ਹਾਂ ਸੂਬਿਆਂ 'ਚ ਤੂਫ਼ਾਨ ਅਤੇ ਗੜੇਮਾਰੀ ਦੀ ਚਿਤਾਵਨੀ
Sunday, Apr 20, 2025 - 10:53 AM (IST)

ਨੈਸ਼ਨਲ ਡੈਸਕ- ਦੇਸ਼ ਦੇ ਕਈ ਹਿੱਸਿਆਂ ਵਿਚ ਮੌਸਮ ਦਾ ਮਿਜਾਜ਼ ਤੇਜ਼ੀ ਨਾਲ ਬਦਲ ਰਿਹਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਐਤਵਾਰ ਨੂੰ ਕਈ ਸੂਬਿਆਂ ਵਿਚ ਆਰੇਂਜ ਅਲਰਟ ਜਾਰੀ ਕੀਤਾ ਹੈ। ਖ਼ਾਸ ਕਰ ਕੇ ਪਹਾੜੀ ਸੂਬਿਆਂ ਤੋਂ ਲੈ ਕੇ ਝਾਰਖੰਡ ਅਤੇ ਓਡੀਸ਼ਾ ਤੱਕ ਬਿਜਲੀ ਡਿੱਗਣ, ਗੜੇਮਾਰੀ ਅਤੇ ਤੇਜ਼ ਹਵਾਵਾਂ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਝਾਰਖੰਡ ਅਤੇ ਉੱਤਰਾਖੰਡ 'ਚ ਆਰੇਂਜ ਅਲਰਟ
ਮੌਸਮ ਵਿਭਾਗ ਅਨੁਸਾਰ ਐਤਵਾਰ ਨੂੰ ਝਾਰਖੰਡ ਵਿਚ ਤੇਜ਼ ਤੂਫ਼ਾਨ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਇਸ ਸਬੰਧੀ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸੇ ਤਰ੍ਹਾਂ ਉੱਤਰਾਖੰਡ ਵਿਚ ਤੇਜ਼ ਹਵਾਵਾਂ ਅਤੇ ਗੜੇਮਾਰੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। IMD ਮੁਤਾਬਕ ਪਹਾੜੀ ਇਲਾਕਿਆਂ ਵਿਚ ਮੌਸਮ ਹੋਰ ਵੀ ਵਿਗੜ ਸਕਦਾ ਹੈ।
ਪਹਾੜੀ ਸੂਬਿਆਂ 'ਚ ਭਾਰੀ ਬਰਫ਼ਬਾਰੀ ਦੀ ਸੰਭਾਵਨਾ
ਮੌਸਮ ਵਿਭਾਗ ਨੇ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿਚ ਬਰਫ਼ਬਾਰੀ ਅਤੇ ਤੇਜ਼ ਤੂਫ਼ਾਨੀ ਹਵਾਵਾਂ ਦੀ ਭਵਿੱਖਬਾਣੀ ਕੀਤੀ ਹੈ। ਜੰਮੂ-ਕਸ਼ਮੀਰ ਵਿਚ ਐਤਵਾਰ ਨੂੰ ਇਕ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਸੋਮਵਾਰ ਨੂੰ ਵੀ ਇਹੀ ਸਥਿਤੀ ਬਣੀ ਰਹਿ ਸਕਦੀ ਹੈ। ਬਰਫ਼ਬਾਰੀ ਅਤੇ ਮੀਂਹ ਦਾ ਪ੍ਰਭਾਵ ਹਿਮਾਚਲ ਵਿਚ ਵੀ ਦਿਖਾਈ ਦੇਵੇਗਾ।
ਗੁਜਰਾਤ ਅਤੇ ਮੱਧ ਪ੍ਰਦੇਸ਼ 'ਚ ਲੂ ਦਾ ਕਹਿਰ
ਇਕ ਪਾਸੇ ਜਿੱਥੇ ਦੇਸ਼ ਦੇ ਕਈ ਹਿੱਸਿਆਂ ਵਿਚ ਮੀਂਹ ਪੈ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਗੁਜਰਾਤ ਅਤੇ ਮੱਧ ਪ੍ਰਦੇਸ਼ 'ਚ ਹੀਟਵੇਵ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਗੁਜਰਾਤ ਵਿਚ ਧੂੜ ਭਰੀਆਂ ਹਨੇਰੀ ਆ ਸਕਦੀ ਹੈ, ਜਦੋਂ ਕਿ ਮੱਧ ਪ੍ਰਦੇਸ਼ ਵਿਚ ਤੇਜ਼ ਗਰਮ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਗਰਮੀ ਤੋਂ ਰਾਹਤ ਫਿਲਹਾਲ ਨਹੀਂ ਦਿੱਸ ਰਹੀ ਹੈ।
ਦਿੱਲੀ-NCR 'ਚ ਵੀ ਮੀਂਹ ਅਤੇ ਤੂਫਾਨ ਦਾ ਪ੍ਰਭਾਵ
ਐਤਵਾਰ ਨੂੰ ਦਿੱਲੀ ਅਤੇ NCR ਵਿਚ ਤੂਫਾਨ ਅਤੇ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਆਸਮਾਨ 'ਚ ਬੱਦਲ ਛਾਏ ਰਹਿਣਗੇ ਅਤੇ ਹਵਾਵਾਂ ਚੱਲ ਸਕਦੀਆਂ ਹਨ। ਰਾਜਧਾਨੀ ਵਿਚ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਆਉਣ ਵਾਲੇ ਹਫ਼ਤੇ ਵੀ ਤੂਫਾਨੀ ਮੌਸਮ ਜਾਰੀ ਰਹੇਗਾ।