ਬਦਲੇਗਾ ਮੌਸਮ ਦਾ ਮਿਜਾਜ਼, 17 ਸੂਬਿਆਂ ''ਚ ਮੀਂਹ ਦਾ ਅਲਰਟ
Monday, Apr 21, 2025 - 11:04 AM (IST)

ਨੈਸ਼ਨਲ ਡੈਸਕ- ਦੇਸ਼ ਭਰ 'ਚ ਇਕ ਵਾਰ ਫਿਰ ਮੌਸਮ ਦਾ ਮਿਜਾਜ਼ ਬਦਲੇਗਾ। ਪੱਛਮੀ ਗੜਬੜੀ ਦੇ ਕਾਰਨ ਮੱਧ ਅਤੇ ਉੱਤਰੀ ਭਾਰਤ ਦੇ ਕਈ ਹਿੱਸਿਆਂ 'ਚ ਚੱਕਰਵਾਤੀ ਸਰਕੂਲੇਸ਼ਨ ਸਰਗਰਮ ਹੋ ਗਿਆ ਹੈ, ਜਿਸ ਕਾਰਨ ਮੋਹਲੇਧਾਰ ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਚੱਲਣ ਦੀ ਉਮੀਦ ਹੈ। ਭਾਰਤੀ ਮੌਸਮ ਵਿਭਾਗ (IMD) ਨੇ 17 ਸੂਬਿਆਂ 'ਚ ਅਲਰਟ ਜਾਰੀ ਕੀਤਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਕਈ ਸੂਬਿਆਂ ਲਈ ਅਲਰਟ ਜਾਰੀ ਕੀਤਾ ਹੈ, ਜਿੱਥੇ ਆਉਣ ਵਾਲੇ ਦਿਨਾਂ ਵਿਚ ਤੇਜ਼ ਹਵਾਵਾਂ ਅਤੇ ਮੋਹਲੇਧਾਰ ਮੀਂਹ ਪੈਣ ਦੀ ਸੰਭਾਵਨਾ ਹੈ।
ਉੱਤਰੀ ਭਾਰਤ ਦਾ ਮੌਸਮ
ਜੰਮੂ-ਕਸ਼ਮੀਰ ਅਤੇ ਲੱਦਾਖ 'ਚ ਬਰਫ਼ਬਾਰੀ ਅਤੇ ਮੋਹਲੇਧਾਰ ਮੀਂਹ ਨੇ ਜਨਜੀਵਨ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਇਸ ਦੇ ਨਾਲ ਹੀ ਹਿਮਾਚਲ ਅਤੇ ਉੱਤਰਾਖੰਡ ਵਰਗੇ ਪਹਾੜੀ ਸੂਬਿਆਂ 'ਚ 21 ਅਪ੍ਰੈਲ ਨੂੰ ਬਿਜਲੀ ਚਮਕਣ ਅਤੇ ਗੜੇਮਾਰੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਨ੍ਹਾਂ ਖੇਤਰਾਂ 'ਚ ਹਵਾ ਦੀ ਰਫ਼ਤਾਰ 60 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ।
ਮੈਦਾਨੀ ਸੂਬਿਆਂ 'ਚ ਛਾਏ ਰਹਿਣਗੇ ਬੱਦਲ
ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ 'ਚ ਬੱਦਲਵਾਈ ਰਹੇਗੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਦਿੱਲੀ-NCR ਵਿਚ ਵੀ ਬੱਦਲ ਛਾਏ ਰਹਿਣਗੇ। ਹਾਲਾਂਕਿ ਰਾਜਧਾਨੀ ਵਿਚ ਮੌਸਮ ਮੁਕਾਬਲਤਨ ਸ਼ਾਂਤ ਰਹੇਗਾ ਪਰ 21 ਅਪ੍ਰੈਲ ਨੂੰ ਅੰਸ਼ਕ ਤੌਰ 'ਤੇ ਬੱਦਲਵਾਈ ਅਤੇ ਹਲਕੀਆਂ ਹਵਾਵਾਂ ਚੱਲਣ ਦੀ ਉਮੀਦ ਹੈ।
ਦੱਖਣੀ ਭਾਰਤ ਵੀ ਨਹੀਂ ਬਚਿਆ
ਕਰਨਾਟਕ, ਕੇਰਲ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਤੇਲੰਗਾਨਾ ਵਰਗੇ ਦੱਖਣੀ ਸੂਬਿਆਂ 'ਚ ਵੀ ਅਗਲੇ 5 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਤੱਟਵਰਤੀ ਇਲਾਕਿਆਂ 'ਚ ਬੱਦਲਵਾਈ ਰਹੇਗੀ ਅਤੇ ਕੁਝ ਥਾਵਾਂ 'ਤੇ ਬਿਜਲੀ ਡਿੱਗ ਸਕਦੀ ਹੈ।
ਕਿਤੇ ਮੀਂਹ, ਕਿਤੇ ਲੂ
ਜਿੱਥੇ ਦੇਸ਼ ਦੇ ਕੁਝ ਹਿੱਸਿਆਂ 'ਚ ਬੱਦਲ ਰਾਹਤ ਦੇ ਰਹੇ ਹਨ, ਉੱਥੇ ਹੀ ਰਾਜਸਥਾਨ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਰਗੇ ਸੂਬਿਆਂ 'ਚ ਗਰਮੀ ਨੇ ਲੋਕਾਂ ਨੂੰ ਬੇਹਾਲ ਕਰ ਦਿੱਤਾ ਹੈ। ਨਾਗਪੁਰ 'ਚ ਤਾਪਮਾਨ 44.7 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜੋ ਕਿ ਇਸ ਸਮੇਂ ਦੇਸ਼ ਵਿਚ ਸਭ ਤੋਂ ਵੱਧ ਹੈ। ਕਈ ਇਲਾਕਿਆਂ 'ਚ ਹੀਟਵੇਵ ਵਰਗੀ ਸਥਿਤੀ ਬਣੀ ਹੋਈ ਹੈ। ਰਾਜਸਥਾਨ, ਤੇਲੰਗਾਨਾ, ਛੱਤੀਸਗੜ੍ਹ ਅਤੇ ਓਡੀਸ਼ਾ 'ਚ ਪਾਰਾ 40 ਡਿਗਰੀ ਨੂੰ ਪਾਰ ਕਰ ਗਿਆ ਹੈ, ਜਦੋਂ ਕਿ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿਚ ਇਹ 2-3 ਡਿਗਰੀ ਹੋਰ ਵਧ ਸਕਦਾ ਹੈ।