ਪੰਜਾਬ ''ਚ ਤੇਜ਼ ਹਵਾਵਾਂ ਨਾਲ ਸ਼ੁਰੂ ਹੋਈ ਕਿਣ-ਮਿਣ, ਕਿਸੇ ਨੂੰ ਮਿਲੀ ਰਾਹਤ ਤਾਂ ਕਿਸੇ ਦੀ ਵਧੀ ਪ੍ਰੇਸ਼ਾਨੀ
Wednesday, Apr 16, 2025 - 10:22 PM (IST)

ਜਲੰਧਰ (ਵੈੱਬ ਡੈਸਕ)- ਪੰਜਾਬ ਵਿੱਚ ਦੇਰ ਸ਼ਾਮ ਤੇਜ਼ ਹਵਾਵਾਂ ਨਾਲ ਪਈ ਹਲਕੀ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਹੈ। ਇਕ ਪਾਸੇ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਹੀ ਦੂਜੇ ਪਾਸੇ ਇਸ ਹਨ੍ਹੇਰੀ ਅਤੇ ਬਾਰਿਸ਼ ਨੇ ਕਿਸਾਨਾਂ ਦੀ ਪ੍ਰੇਸ਼ਾਨੀ ਵਧਾ ਦਿੱਤੀ ਹੈ। ਦੱਸ ਦਈਏ ਕਿ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਮੌਸਮ ਸਬੰਧੀ ਵੱਡੀ ਭਵਿੱਖਬਾਣੀ ਕੀਤੀ ਗਈ ਸੀ। ਵਿਭਾਗ ਮੁਤਾਬਕ 16, 18, 19 ਅਤੇ 20 ਅਪ੍ਰੈਲ ਨੂੰ ਸੂਬੇ ਵਿਚ ਕਈ ਥਾਵਾਂ 'ਤੇ ਤੇਜ਼ ਹਵਾਵਾਂ ਨਾਲ ਬਾਰਿਸ਼ ਦੀ ਸੰਭਾਵਨਾ ਦੱਸੀ ਗਈ ਹੈ। ਇਸ ਦੇ ਨਾਲ ਹੀ 18 ਅਤੇ 19 ਅਪ੍ਰੈਲ ਨੂੰ ਕਈ ਜ਼ਿਲ੍ਹਿਆਂ ਵਿਚ ਤੇਜ਼ ਹਨ੍ਹੇਰੀ ਦੇ ਨਾਲ ਬਾਰਿਸ਼ ਨੂੰ ਲੈ ਕੇ 'ਯੈਲੋ ਅਲਰਟ' ਵੀ ਜਾਰੀ ਕੀਤਾ ਗਿਆ ਹੈ। 4 ਦਿਨ ਬਾਅਦ ਤਾਪਮਾਨ 'ਚ ਥੋੜ੍ਹੀ ਗਿਰਾਵਟ ਦਰਜ ਕੀਤੀ ਜਾਵੇਗੀ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲੇਗੀ।
ਦੇਰ ਸ਼ਾਮ ਅਚਾਨਕ ਤੇਜ਼ ਹਵਾਵਾਂ ਕਾਰਨ ਬਿਜਲੀ ਵੀ ਬਿਲਕੁਲ ਗੁੱਲ ਹੋ ਗਈ, ਜਿਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨ ਹੋਣਾ ਪਿਆ। ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਅਨੁਸਾਰ ਇਕਦਮ ਮੌਸਮ ਵਿੱਚ ਆਈ ਤਬਦੀਲੀ ਨੇ ਮੁੜ ਕਿਸਾਨਾਂ ਲਈ ਮੁਸੀਬਤਾਂ ਖੜੀਆਂ ਕਰ ਦਿੱਤੀਆਂ ਹਨ ਕਿਉਂਕਿ ਹਲਕੀ ਜਿਹੀ ਬਾਰਿਸ਼ ਹੋਣ ਕਾਰਨ ਕਣਕ ਦੀ ਵਾਢੀ ਕੁਝ ਦਿਨ ਲੇਟ ਹੋ ਸਕਦੀ ਹੈ ਅਤੇ ਮੰਡੀਆਂ ’ਚ ਵੀ ਕਣਕ ਦੀ ਫਸਲ ਜਿੰਨਾ ਕਿਸਾਨਾਂ ਨੇ ਵੇਚਣ ਲਈ ਸੁੱਟੀ ਹੋਈ ਹੈ, ਉਨ੍ਹਾਂ ਨੂੰ ਵੀ ਪ੍ਰੇਸ਼ਾਨ ਹੋਣਾ ਪੈ ਸਕਦਾ ਹੈ। ਆਉਣ ਵਾਲੇ ਦਿਨਾਂ ’ਚ ਕਿਸਾਨ ਜੇਕਰ ਮੌਸਮ ਸਾਫ ਨਹੀਂ ਹੁੰਦਾ ਤਾਂ ਕਿਸਾਨਾ ਲਈ ਕਈ ਮੁਸ਼ਕਿਲਾਂ ਪੇਸ਼ ਆ ਸਕਦੀਆਂ ਹਨ।