''ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ'' ਨਾਲ ਰੇਲਵੇ ਸਟੇਸ਼ਨਾਂ ਦੀ ਬਦਲੇਗੀ ਨੁਹਾਰ : ਸ਼ਿੰਦੇ
Sunday, Aug 06, 2023 - 06:04 PM (IST)
ਮੁੰਬਈ- ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਐਤਵਾਰ ਨੂੰ ਸ਼ੁਰੂ ਕੀਤੀ ਗਈ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਜ਼ਰੀਏ ਦੇਸ਼ ਦੇ ਰੇਲਵੇ ਸਟੇਸ਼ਨਾਂ ਨੂੰ ਆਧੁਨਿਕ ਸਹੂਲਤਾਂ ਉਪਲੱਬਧ ਕਰਵਾ ਕੇ ਉਨ੍ਹਾਂ ਦੀ ਨੁਹਾਰ ਬਦਲੀ ਜਾਵੇਗੀ। ਯੋਜਨਾ ਤਹਿਤ 508 ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਸਟੇਸ਼ਨ ਵਰਗਾ ਬਣਾਇਆ ਜਾਵੇਗਾ। ਇਨ੍ਹਾਂ ਵਿਚ ਮਹਾਰਾਸ਼ਟਰ ਦੇ 44 ਰੇਲਵੇ ਸਟੇਸ਼ਨ ਸ਼ਾਮਲ ਹਨ। ਇਨ੍ਹਾਂ ਵਿਚੋਂ ਕਾਂਜੁਰਮਾਰਗ, ਪਰੇਲ ਅਤੇ ਵਿਕ੍ਰੋਲੀ ਮੁੰਬਈ ਦੇ ਮੱਧ ਰੇਲਵੇ ਨੈੱਟਵਰਕ ਤਹਿਤ ਆਉਂਦੇ ਹਨ।
ਸ਼ਿੰਦੇ ਨੇ ਇਕ ਬਿਆਨ ਵਿਚ ਕਿਹਾ ਕਿ ਰੇਲਵੇ ਬਜਟ ਵਿਚ ਮਹਾਰਾਸ਼ਟਰ ਦੇ 123 ਰੇਲਵੇ ਸਟੇਸ਼ਨ ਦੇ ਆਧੁਨਿਕੀਕਰਨ ਸਮੇਤ ਵੱਖ-ਵੱਖ ਪ੍ਰਾਜੈਕਟਾਂ ਲਈ 13,539 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਮੁੱਖ ਮੰਤਰੀ ਨੇ ਐਤਵਾਰ ਨੂੰ ਇਕ ਇਤਿਹਾਸਕ ਦਿਨ ਦੱਸਦੇ ਹੋਏ ਕਿਹਾ ਕਿ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੀ ਸ਼ੁਰੂਆਤ ਨਾਲ ਯਾਤਰੀਆਂ ਨੂੰ ਵਧੀਆਂ ਸਹੂਲਤਾਂ ਮਿਲਣਗੀਆਂ। ਇਸ ਯੋਜਨਾ ਤਹਿਤ ਸਟੇਸ਼ਨ ਨੂੰ ਸਿਟੀ ਸੈਂਟਰ ਦਾ ਰੂਪ ਦਿੱਤਾ ਜਾਵੇਗਾ, ਜਿਸ ਵਿਚ ਰੂਫ ਪਲਾਜ਼ਾ, ਸ਼ਾਪਿੰਗ ਜ਼ੋਨ, ਫੂਡ ਕੋਰਟ, ਵੱਖ-ਵੱਖ ਪ੍ਰਵੇਸ਼ ਅਤੇ ਨਿਕਾਸ, ਬਹੁ-ਪੱਧਰੀ ਪਾਰਕਿੰਗ, ਐਸਕੇਲੇਟਰ ਆਦਿ ਸਹੂਲਤਾਂ ਹੋਣਗੀਆਂ।