ਦਿੱਲੀ ਤੋਂ ਲੁਧਿਆਣਾ ਲਈ ''ਸਰਬਤ ਦਾ ਭਲਾ ਐਕਸਪ੍ਰੈੱਸ'' ਰਵਾਨਾ, ਰੇਲ ਮੰਤਰੀ ਨੇ ਦਿਖਾਈ ਹਰੀ ਝੰਡੀ
Friday, Oct 04, 2019 - 10:25 AM (IST)

ਨਵੀਂ ਦਿੱਲੀ— ਕੇਂਦਰੀ ਮੰਤਰੀ ਰੇਲ ਮੰਤਰੀ ਪੀਊਸ਼ ਗੋਇਲ ਨੇ ਸ਼ੁੱਕਰਵਾਰ ਸਵੇਰੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ 'ਸਰਬਤ ਦਾ ਭਲਾ ਐਕਸਪ੍ਰੈੱਸ ਟਰੇਨ' ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਟਰੇਨ ਨਵੀਂ ਦਿੱਲੀ ਅਤੇ ਲੁਧਿਆਣਾ ਸਿਟੀ ਦਰਮਿਆਨ ਚੱਲੇਗੀ। ਇਸ ਮੌਕੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਅਤੇ ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਮੌਜੂਦ ਰਹੀ। ਇਸ ਦੇ ਨਾਲ ਲੁਧਿਆਣਾ ਸ਼ਤਾਬਦੀ ਐਕਸਪ੍ਰੈੱਸ (12037/12038) ਦਾ ਨਾਂ ਇੰਟਰਸਿਟੀ ਐਕਸਪ੍ਰੈੱਸ 'ਚ ਬਦਲ ਗਿਆ ਹੈ। ਇਸ ਦਾ ਨਾਂ ਅਤੇ ਨੰਬਰ ਦੋਵੇਂ ਬਦਲ ਗਏ ਹਨ। ਹੁਣ ਇਹ 'ਸਰਬਤ ਦਾ ਭਲਾ' ਐਕਸਪ੍ਰੈੱਸ (22479/22480) ਦੇ ਨਾਂ ਨਾਲ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਲੋਹੀਆਂ ਖਾਸ ਰੇਲਵੇ ਸਟੇਸ਼ਨ ਤੱਕ ਚੱਲੇਗੀ। ਰੇਲ ਮੰਤਰੀ ਪੀਊਸ਼ ਗੋਇਲ, ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਅਤੇ ਹਰਸਿਮਰਤ ਕੌਰ ਬਾਦਲ ਸ਼ੁੱਕਰਵਾਰ ਸਵੇਰੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਇੰਟਰਸਿਟੀ ਐਕਸਪ੍ਰੈੱਸ ਬਣਨ ਨਾਲ ਕਿਰਾਇਆ ਵੀ ਹੋਵੇਗਾ ਘੱਟ
ਲੁਧਿਆਣਾ ਸ਼ਤਾਬਦੀ ਨੂੰ ਟਾਈਮ ਟੇਬਲ 'ਚ ਹੀ ਇੰਟਰਸਿਟੀ ਐਕਸਪ੍ਰੈੱਸ ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਇੰਟਰਸਿਟੀ ਐਕਸਪ੍ਰੈੱਸ ਬਣਨ ਨਾਲ ਇਸ ਦਾ ਕਿਰਾਇਆ ਵੀ ਘੱਟ ਹੋਵੇਗਾ। ਇਸ 'ਚ ਆਮ ਸ਼੍ਰੇਣੀ ਦੇ ਵੀ ਕੋਚ ਲੱਗਣਗੇ, ਜਿਸ ਨਾਲ ਲੋਕ ਜਨਰਲ ਟਿਕਟ ਲੈ ਕੇ ਇਸ 'ਚ ਸਫ਼ਰ ਕਰ ਸਕਣਗੇ। ਇਸ ਦੇ ਨਾਲ ਹੀ ਕਈ ਸਟੇਸ਼ਨਾਂ 'ਤੇ ਇਸ ਦਾ ਠਹਿਰਾਅ ਹੋਵੇਗਾ।
ਇਨ੍ਹਾਂ ਸਟੇਸ਼ਨਾਂ ਤੋਂ ਲੰਘੇਗੀ ਟਰੇਨ
ਇਹ ਟਰੇਨ ਨਵੀਂ ਦਿੱਲੀ ਤੋਂ ਸ਼ਕੂਰਬਸਤੀ, ਬਹਾਦੁਰਗੜ੍ਹ, ਰੋਹਤਕ, ਜੀਂਦ, ਨਰਵਾਨਾ, ਜਾਖਲ, ਸੰਗਰੂਰ, ਧੁਰੀ, ਲੁਧਿਆਣਾ, ਮੋਗਾ, ਜਲੰਧਰ ਸਿਟੀ, ਸੁਲਤਾਨਪੁਰ ਲੋਧੀ ਤੋਂ ਅੱਗੇ ਲੋਹੀਆਂ ਖਾਸ ਤੱਕ ਜਾਵੇਗੀ।
ਯਾਤਰੀਆਂ ਨੂੰ ਹੋਵੇਗਾ ਲਾਭ
ਜ਼ਿਕਰਯੋਗ ਹੈ ਕਿ ਦਿੱਲੀ ਅਤੇ ਹਰਿਆਣਾ ਤੋਂ ਵੱਡੀ ਗਿਣਤੀ 'ਚ ਲੋਕ ਪੰਜਾਬ ਜਾਂਦੇ ਹਨ। ਅਜਿਹੇ 'ਚ ਇਹ ਟਰੇਨ ਕਾਫ਼ੀ ਲਾਭਦਾਇਕ ਸਾਬਤ ਹੋਵੇਗੀ। ਖਾਸ ਤੌਰ 'ਤੇ ਕਈ ਸਟੇਸ਼ਨਾਂ 'ਤੇ ਇਸ ਦਾ ਠਹਿਰਾਅ ਹੋਣ ਕਾਰਨ ਵਧ ਤੋਂ ਵਧ ਰੇਲ ਯਾਤਰੀ ਇਸ ਦਾ ਫਾਇਦਾ ਚੁੱਕ ਸਕਣਗੇ। ਇਸ ਦੇ ਨਾਲ ਇਕ ਹੋਰ ਖੂਬੀ ਇਹ ਹੈ ਕਿ ਘੱਟ ਕਿਰਾਇਆ ਹੋਣ ਕਾਰਨ ਯਾਤਰੀ ਇਸ ਟਰੇਨ 'ਚ ਸਫ਼ਰ ਨੂੰ ਤਰਜੀਹ ਦੇਣਗੇ। ਦੱਸਿਆ ਜਾ ਰਿਹਾ ਹੈ ਕਿ ਰੇਲਵੇ ਨੂੰ ਆਉਣ ਵਾਲੇ ਦਿਨਾਂ 'ਚ ਇਸ ਦਾ ਆਰਥਿਕ ਲਾਭ ਵੀ ਨਜ਼ਰ ਆਉਣ ਲੱਗੇਗਾ।