‘ਅਸੀਂ ਸਿਰਫ ਰੀਲ ਬਣਾਉਣ ਵਾਲੇ ਨਹੀਂ, ਕੰਮ ਕਰਨ ਵਾਲੇ ਲੋਕ’, ਸੰਸਦ ’ਚ ਕਾਂਗਰਸ ’ਤੇ ਭੜਕੇ ਰੇਲ ਮੰਤਰੀ ਵੈਸ਼ਣਵ
Thursday, Aug 01, 2024 - 11:58 PM (IST)
ਨਵੀਂ ਦਿੱਲੀ, (ਏਜੰਸੀਆਂ)- ਸੰਸਦ ’ਚ ਕਾਂਗਰਸ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ ਕਿ ਅਸੀਂ ਸਿਰਫ ਰੀਲ ਬਣਾਉਣ ਵਾਲੇ ਨਹੀਂ, ਕੰਮ ਕਰਨ ਵਾਲੇ ਲੋਕ ਹਾਂ।
ਰੇਲ ਹਾਦਸਿਆਂ ਨੂੰ ਲੈ ਕੇ ਵਿਰੋਧੀ ਧਿਰ ਦੇ ਹੰਗਾਮੇ ’ਤੇ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਅਸ਼ਵਿਨੀ ਵੈਸ਼ਣਵ ਨੇ ਕਿਹਾ ਕਿ ਜਿਹੜੇ ਲੋਕ ਇਥੇ ਰੌਲਾ ਪਾ ਰਹੇ ਹਨ, ਉਨ੍ਹਾਂ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਕਿ ਸੱਤਾ ’ਚ ਰਹਿੰਦਿਆਂ 58 ਸਾਲਾਂ ’ਚ ਉਹ 1 ਕਿਲੋਮੀਟਰ ਵੀ ਆਟੋਮੈਟਿਕ ਟ੍ਰੇਨ ਪ੍ਰੋਟੈਕਸ਼ਨ ਕਿਉਂ ਨਹੀਂ ਲਗਾ ਸਕੇ।
ਸੰਸਦ ’ਚ ਵਿਰੋਧੀ ਸੰਸਦ ਮੈਂਬਰਾਂ ਦੇ ਹੰਗਾਮੇ ਤੋਂ ਰੇਲ ਮੰਤਰੀ ਨਾਰਾਜ਼ ਹੋ ਗਏ ਅਤੇ ਉਨ੍ਹਾਂ ਨੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ’ਤੇ ਭੜਕਦੇ ਹੋਏ ਉਨ੍ਹਾਂ ਨੂੰ ਬੈਠਣ ਲਈ ਕਿਹਾ।
ਲੋਕ ਸਭਾ ’ਚ ਲੱਗੇ ‘ਰੇਲ ਮੰਤਰੀ ਹਾਏ-ਹਾਏ ’ ਦੇ ਨਾਅਰੇ
ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਦਾ ਲੋਕ ਸਭਾ ’ਚ ਅੱਜ ਵੱਖਰਾ ਹੀ ਰੰਗ ਵਿਖਾਈ ਦਿੱਤਾ।
ਬਹੁਤ ਹੀ ਨਰਮ ਸੁਭਾਅ ਅਤੇ ਮੁਸਕਾਨ ਭਰੇ ਚਿਹਰੇ ਲਈ ਜਾਣੇ ਜਾਣ ਵਾਲੇ ਸ਼੍ਰੀ ਵੈਸ਼ਣਵ ਦਾ ਰੇਲਵੇ ਨੂੰ ਲੈ ਕੇ ਵਿਰੋਧੀ ਧਿਰ ਦੀ ਕਥਿਤ ਟ੍ਰੋਲ ਆਰਮੀ ਅਤੇ ਵਿਰੋਧੀ ਮੈਂਬਰਾਂ ਦੇ ਦੋਸ਼ਾਂ ਤੋਂ ਨਾਰਾਜ਼ ਹੋ ਕੇ ਸਬਰ ਦਾ ਬੰਨ੍ਹ ਟੁੱਟ ਗਿਆ।
ਉਨ੍ਹਾਂ ਨੇ ਜਿਸ ਹਮਲਾਵਰ ਅੰਦਾਜ਼ ’ਚ ਵਿਰੋਧੀ ਮੈਂਬਰਾਂ ਦੀਆਂ ਟਿੱਪਣੀਆਂ ਦਾ ਜਵਾਬ ਦਿੱਤਾ, ਉਸ ਨਾਲ ਵਿਰੋਧੀ ਧਿਰ ਚੇਅਰ ਦੇ ਸਾਹਮਣੇ ਆ ਗਿਆ ਅਤੇ ‘ਰੇਲ ਮੰਤਰੀ ਹਾਏ-ਹਾਏ’ ਦੇ ਨਾਅਰੇ ਲਾਏ।