ਰਾਹੁਲ ਨੇ ਬੰਗਲਾ ਖਾਲੀ ਕਰਨ ਨੂੰ ਲੈ ਕੇ ਮਿਲੇ ਨੋਟਿਸ ਦਾ ਦਿੱਤਾ ਜਵਾਬ, ਕਿਹਾ- ਆਪਣੇ ਅਧਿਕਾਰਾਂ ਤੋਂ ਵਾਕਿਫ਼ ਹਾਂ

Tuesday, Mar 28, 2023 - 01:07 PM (IST)

ਰਾਹੁਲ ਨੇ ਬੰਗਲਾ ਖਾਲੀ ਕਰਨ ਨੂੰ ਲੈ ਕੇ ਮਿਲੇ ਨੋਟਿਸ ਦਾ ਦਿੱਤਾ ਜਵਾਬ, ਕਿਹਾ- ਆਪਣੇ ਅਧਿਕਾਰਾਂ ਤੋਂ ਵਾਕਿਫ਼ ਹਾਂ

ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਲੋਕ ਸਭਾ ਮੈਂਬਰ ਦੇ ਤੌਰ 'ਤੇ ਉਨ੍ਹਾਂ ਨੂੰ ਅਲਾਟ ਹੋਏ 12 ਤੁਗ਼ਲਕ ਲੇਨ ਦਾ ਬੰਗਲਾ ਖਾਲੀ ਕਰਨ ਨੂੰ ਲੈ ਕੇ ਮਿਲੇ ਨੋਟਿਸ ਦਾ ਜਵਾਬ ਦਿੱਤਾ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਲੋਕ ਸਭਾ ਸਕੱਤਰੇਤ ਨੂੰ ਪੱਤਰ ਲਿਖ ਕੇ ਕਿਹਾ ਕਿ ਉਹ ਸਮੇਂ 'ਤੇ ਬੰਗਲਾ ਖਾਲੀ ਕਰ ਦੇਣਗੇ। ਰਾਹੁਲ ਗਾਂਧੀ ਨੇ ਲੋਕ ਸਭਾ ਸਕੱਤਰੇਤ ਵਿਚ ਉਪ ਸਕੱਤਰ, ਐੱਮ. ਐੱਸ. ਸ਼ਾਖਾ ਤੋਂ ਸਰਕਾਰੀ ਬੰਗਲਾ ਖਾਲੀ ਕਰਾਉਣ ਨੂੰ ਲੈ ਕੇ ਮਿਲੇ ਨੋਟਿਸ 'ਚ ਕਿਹਾ ਕਿ ਉਹ ਆਪਣੇ ਅਧਿਕਾਰਾਂ ਤੋਂ ਵਾਕਿਫ਼ ਹਨ। ਉਨ੍ਹਾਂ ਨੂੰ ਬੰਗਲੇ ਨੂੰ ਲੈ ਕੇ ਜੋ ਨੋਟਿਸ ਮਿਲਿਆ ਹੈ, ਉਹ ਉਸ ਦਾ ਪਾਲਣ ਕਰਨਗੇ। 

ਇਹ ਵੀ ਪੜ੍ਹੋ- ਲੋਕ ਸਭਾ ਮੈਂਬਰਸ਼ਿਪ ਮਗਰੋਂ ਹੁਣ ਸਰਕਾਰੀ ਬੰਗਲਾ ਵੀ ਰਾਹੁਲ ਗਾਂਧੀ ਹੱਥੋਂ ਨਿਕਲਿਆ, ਨੋਟਿਸ ਜਾਰੀ

ਕੇਰਲ ਦੇ ਵਾਇਨਾਡ ਤੋਂ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਨੇ ਆਪਣੀ ਚਿੱਠੀ ਵਿਚ ਕਿਹਾ ਕਿ ਉਹ ਲੋਕ ਸਭਾ ਲਈ ਪਿਛਲੇ 4 ਕਾਰਜਕਾਲ ਤੋਂ ਚੁਣੇ ਜਾਂਦੇ ਰਹੇ ਹਨ। ਜਨਤਾ ਤੋਂ ਮਿਲੇ ਇਸ ਜਨਾਦੇਸ਼ ਲਈ ਉਹ ਉਨ੍ਹਾਂ ਦੇ ਧੰਨਵਾਦੀ ਹਨ। ਉਨ੍ਹਾਂ ਨੇ ਲੋਕ ਸਭਾ ਵਿਚ ਇਸ ਦੌਰਾਨ ਬਿਤਾਏ ਆਪਣੇ ਕਾਰਜਕਾਲ ਨੂੰ ਬਹੁਤ ਸੁਖਦ ਅਤੇ ਯਾਦਗਾਰ ਦੱਸਿਆ ਅਤੇ ਕਿਹਾ ਕਿ ਬੰਗਲਾ ਖਾਲੀ ਕਰਨ ਨੂੰ ਲੈ ਕੇ ਮਿਲੇ ਨੋਟਿਸ ਦਾ ਪਾਲਣ ਕਰਨਗੇ। ਰਾਹੁਲ ਗਾਂਧੀ ਨੂੰ ਲੋਕ ਸਭਾ ਸਕੱਤਰੇਤ ਵੱਲੋਂ ਨੋਟਿਸ ਭੇਜ ਕੇ 22 ਅਪ੍ਰੈਲ ਤੱਕ ਸਰਕਾਰੀ ਬੰਗਲਾ ਖਾਲੀ ਕਰਨ ਲਈ ਕਿਹਾ ਗਿਆ ਹੈ ਕਿਉਂਕਿ ਪਿਛਲੇ ਹਫ਼ਤੇ ਸੂਰਤ ਦੀ ਇਕ ਅਦਾਲਤ ਵੱਲੋਂ ਅਪਰਾਧਿਕ ਮਾਣਹਾਨੀ ਦੇ ਇਕ ਮਾਮਲੇ ਵਿਚ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਲੋਕ ਸਭਾ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ-  ਰਾਹੁਲ ਇਕੱਲੇ ਨਹੀਂ, ਮਾਂ ਸੋਨੀਆ ਅਤੇ ਦਾਦੀ ਇੰਦਰਾ ਗਾਂਧੀ ਦੀ ਵੀ ਗਈ ਸੀ ਮੈਂਬਰਸ਼ਿਪ

ਦੱਸਣਯੋਗ ਹੈ ਕਿ ਰਾਹੁਲ ਗਾਂਧੀ ਨੂੰ ਪਿਛਲੇ ਹਫ਼ਤੇ ਲੋਕਸਭਾ ਦੀ ਮੈਂਬਰਸ਼ਿਪ ਤੋਂ ਅਯੋਗ ਠਹਿਰਾਏ ਜਾਣ ਦੇ ਮੱਦੇਨਜ਼ਰ ਲੋਕ ਸਭਾ ਦੀ ਆਵਾਸੀ ਸਬੰਧੀ ਕਮੇਟੀ ਨੇ ਕਾਂਗਰਸੀ ਆਗੂ ਨੂੰ 12 ਤੁਗਲਕ ਲੇਨ ਸਥਿਤ ਸਰਕਾਰੀ ਬੰਗਲਾ ਖਾਲੀ ਕਰਨ ਲਈ ਨੋਟਿਸ ਭੇਜਿਆ ਹੈ। ਰਾਹੁਲ ਗਾਂਧੀ ਨੂੰ ਸੂਰਤ ਦੀ ਇਕ ਅਦਾਲਤ ਵੱਲੋਂ ਸਾਲ 2019 ਦੇ ਮਾਣਹਾਨੀ ਦੇ ਇਕ ਮਾਮਲੇ ਵਿਚ ਸਜ਼ਾ ਸੁਣਾਏ ਜਾਣ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਯੋਗ ਠਹਿਰਾਇਆ ਗਿਆ ਸੀ। ਸੂਰਤ ਦੀ ਅਦਾਲਤ ਨੇ ਰਾਹੁਲ ਗਾਂਧੀ ਨੂੰ 2 ਸਾਲ ਦੀ ਸਜ਼ਾ ਸੁਣਾਈ ਸੀ।


author

Tanu

Content Editor

Related News