ਰਾਹੁਲ ਗਾਂਧੀ ਨੇ ਮੋਹਨਜੀਤ ਸਿੰਘ ਸ਼ੇਰੋਂ ਨਾਲ ਕੀਤੀ ਫੋਨ 'ਤੇ ਗੱਲ

Saturday, Sep 05, 2026 - 06:43 PM (IST)

ਰਾਹੁਲ ਗਾਂਧੀ ਨੇ ਮੋਹਨਜੀਤ ਸਿੰਘ ਸ਼ੇਰੋਂ ਨਾਲ ਕੀਤੀ ਫੋਨ 'ਤੇ ਗੱਲ

ਸੰਗਰੂਰ (ਵੈੱਬ ਡੈਸਕ)- ਸੰਗਰੂਰ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਲੇ ਝੰਡੇ ਵਿਖਾਉਣ ਦੇ ਮਾਮਲੇ ਵਿਚ ਹਿਰਾਸਤ ਵਿਚ ਲਏ ਗਏ ਮੋਹਨਜੀਤ ਸਿੰਘ ਸ਼ੇਰੋਂ ਨਾਲ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਫੋਨ 'ਤੇ ਗੱਲਬਾਤ ਕੀਤੀ। ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਸੰਗਰੂਰ ਦੇ ਸਿਵਲ ਹਸਪਤਾਲ ਵਿਚ ਮੋਹਨਜੀਤ ਸਿੰਘ ਨਾਲ ਮੁਲਾਕਾਤ ਕਰਨ ਬਾਅਦ ਉਥੋਂ ਹੀ ਉਨ੍ਹਾਂ ਦੀ ਰਾਹੁਲ ਗਾਂਧੀ ਫੋਨ 'ਤੇ ਗੱਲਬਾਤ ਕਰਵਾਈ। ਇਸ ਗੱਲਬਾਤ ਤੋਂ ਬਾਅਦ ਪੰਜਾਬ ਪੁਲਸ ਦੇ ਡੀ. ਜੀ. ਪੀ. ਵੱਲੋਂ ਕਾਰਵਾਈ ਦੇ ਹੁਕਮ ਜਾਰੀ ਕੀਤੇ ਗਏ। ਪੁਲਸ ਨੇ ਇਸ ਮਾਮਲੇ 'ਚ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਸੁਨਾਮ (ਸੰਗਰੂਰ) ਦੇ ਡੀ. ਐੱਸ. ਪੀ. ਹਰਵਿੰਦਰ ਸਿੰਘ ਦਾ ਤਬਾਦਲਾ ਕਰ ਦਿੱਤਾ ਹੈ। ਇਸ ਤੋਂ ਇਲਾਵਾ ਤਿੰਨ ਹੋਰ ਪੁਲਸ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਲਾਈਨ ਹਾਜ਼ਰ ਕਰ ਦਿੱਤਾ ਹੈ। 

ਜਲੰਧਰ ਦੇ CP ਸਤਿੰਦਰ ਸਿੰਘ ਦੀ ਜਨਤਾ ਨੂੰ ਖ਼ਾਸ ਅਪੀਲ, 'ਡਿਜੀਟਲ ਅਰੈਸਟ' ਦੇ ਨਾਂ 'ਤੇ ਰਹੋ ਸਾਵਧਾਨ

ਇਨ੍ਹਾਂ ਅਧਿਕਾਰੀਆਂ 'ਤੇ ਹੋਈ ਕਾਰਵਾਈ
ਸੁਨਾਮ (ਸੰਗਰੂਰ) ਦੇ ਡੀ. ਐੱਸ. ਪੀ. ਹਰਵਿੰਦਰ ਸਿੰਘ ਨੂੰ ਉਨ੍ਹਾਂ ਦੇ ਮੌਜੂਦਾ ਅਹੁਦੇ ਤੋਂ ਤੁਰੰਤ ਹਟਾ ਕੇ ਡੀ. ਐੱਸ. ਪੀ. (1st CDO Bn.), ਬਹਾਦਰਗੜ੍ਹ, ਪਟਿਆਲਾ ਵਿਖੇ ਤਾਇਨਾਤ ਕੀਤਾ ਗਿਆ ਹੈ। ਇੰਸਪੈਕਟਰ ਪ੍ਰਤੀਕ ਜਿੰਦਲ ਐੱਸ. ਐੱਚ. ਓ. ਪੁਲਸ ਸਟੇਸ਼ਨ ਸਿਟੀ ਸੁਨਾਮ ਨੂੰ ਤੁਰੰਤ ਪ੍ਰਭਾਵ ਨਾਲ ਪੁਲਸ ਲਾਈਨ ਸੰਗਰੂਰ ਭੇਜ ਦਿੱਤਾ ਗਿਆ ਹੈ। ਐੱਸ. ਐੱਚ. ਓ. ਪੁਲਸ ਸਟੇਸ਼ਨ ਚੀਮਾ ਦੇ ਸਬ-ਇੰਸਪੈਕਟਰ ਬਲਜੀਤ ਸਿੰਘ ਨੂੰ ਵੀ ਲਾਈਨ ਹਾਜ਼ਰ ਕੀਤਾ ਗਿਆ ਹੈ। ਸੁਨਾਮ ਸਿਟੀ ਦੇ ਜ਼ੈੱਡਪੀ (ZP) ਇੰਚਾਰਜ ਏ. ਐੱਸ. ਆਈ. ਹਰਪ੍ਰੀਤ ਸਿੰਘ ਨੂੰ ਵੀ ਲਾਈਨ ਹਾਜ਼ਰ ਕੀਤਾ ਗਿਆ ਹੈ। 

ਇਹ ਵੀ ਪੜ੍ਹੋ: ਪੰਜਾਬ: ਜੰਗ ਦਾ ਮੈਦਾਨ ਬਣਿਆ ਸਿਵਲ ਹਸਪਤਾਲ ਦਾ ਐਮਰਜੈਂਸੀ ਵਾਰਡ! ਪਈਆਂ ਭਾਜੜਾਂ

ਕੀ ਹੈ ਪੂਰਾ ਮਾਮਲਾ?
ਜ਼ਿਕਰਯੋਗ ਹੈ ਕਿ 2 ਸਤੰਬਰ ਨੂੰ ਸੰਗਰੂਰ ਦੇ ਪਿੰਡ ਸ਼ੇਰੋਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ 'ਲੋਕ ਮਿਲਣੀ' ਪ੍ਰੋਗਰਾਮ ਸੀ। ਇਸ ਦੌਰਾਨ ਪਿੰਡ ਦੇ ਹੀ ਮੋਹਨਜੀਤ ਸਿੰਘ ਸਿੱਧੂ ਨੇ ਆਪਣੇ ਘਰ ਦੀ ਛੱਤ ਤੋਂ ਮੁੱਖ ਮੰਤਰੀ ਨੂੰ ਕਾਲਾ ਝੰਡਾ ਵਿਖਾਉਣਾ ਸ਼ੁਰੂ ਕਰ ਦਿੱਤਾ। ਉਸ ਨੇ ਕਰੀਬ 200 ਮੀਟਰ ਦੀ ਦੂਰੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਵੀ ਪੁੱਛਣੇ ਸ਼ੁਰੂ ਕੀਤੇ, ਜਿਸ ਤੋਂ ਬਾਅਦ ਮੁੱਖ ਮੰਤਰੀ ਦੀ ਸੁਰੱਖਿਆ ਅਤੇ ਸਥਾਨਕ ਪੁਲਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਸ ਜਾਂਚ ਵਿੱਚ ਸਾਹਮਣੇ ਆਇਆ ਕਿ ਮੋਹਨਜੀਤ ਸਿੰਘ ਖ਼ਿਲਾਫ਼ ਪਹਿਲਾਂ ਤੋਂ ਹੀ 8 ਮਾਮਲੇ ਦਰਜ ਹਨ ਅਤੇ ਉਸ ਦਾ ਡੋਪ ਟੈਸਟ ਵੀ ਪਾਜ਼ੇਟਿਵ ਆਇਆ ਸੀ। ਬਾਅਦ ਵਿੱਚ ਪੰਚਾਇਤ ਵੱਲੋਂ ਜ਼ਮਾਨਤ ਲੈਣ ਤੋਂ ਬਾਅਦ ਪੁਲਸ ਨੇ ਉਸ ਨੂੰ ਛੱਡ ਦਿੱਤਾ ਸੀ।

ਹਿਰਾਸਤ 'ਚ ਤਸ਼ੱਦਦ ਦੇ ਗੰਭੀਰ ਦੋਸ਼ 
ਰਿਹਾਅ ਹੋਣ ਤੋਂ ਬਾਅਦ ਮੋਹਨਜੀਤ ਸਿੰਘ ਨੇ ਪੁਲਸ 'ਤੇ ਹਿਰਾਸਤ ਦੌਰਾਨ ਬੇਰਹਿਮੀ ਨਾਲ ਕੁੱਟਮਾਰ ਕਰਨ, ਵਾਲ ਖਿੱਚਣ ਅਤੇ ਕਰੰਟ ਲਗਾਉਣ ਵਰਗੇ ਗੰਭੀਰ ਅਤੇ ਅਣਮਨੁੱਖੀ ਦੋਸ਼ ਲਗਾਏ। ਉਸ ਨੇ ਦੋਸ਼ ਲਗਾਇਆ ਕਿ ਡੀ. ਐੱਸ. ਪੀ. ਨੇ ਖ਼ੁਦ ਉਸ ਨੂੰ ਬਿਜਲੀ ਦੇ ਝਟਕੇ ਦਿੱਤੇ ਸਨ। ਇਸ ਤੋਂ ਬਾਅਦ ਮੋਹਨਜੀਤ ਸੰਗਰੂਰ ਦੇ ਸਿਵਲ ਹਸਪਤਾਲ 'ਚ ਦਾਖ਼ਲ ਹੋ ਗਿਆ ਅਤੇ ਵਿਰੋਧ ਪ੍ਰਗਟ ਕਰਦਾ ਹੋਇਆ ਉਸ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਗਿਆ। 

ਇਹ ਵੀ ਪੜ੍ਹੋ: ਪੰਜਾਬ ਦੇ NH 'ਤੇ ਵੱਡਾ ਹਾਦਸਾ! ਟਰੱਕ ਹੇਠਾਂ ਫਸਿਆ ਮੋਟਰਸਾਈਕਲ, 3 ਨੌਜਵਾਨਾਂ ਦੀ ਮੌਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News