PM ਮੋਦੀ ਨੇ ਯੂਕਰੇਨ ਜੰਗ ਰੁਕਵਾ 'ਤੀ ਪਰ ਪੇਪਰ ਲੀਕ ਨਹੀਂ ਰੋਕ ਪਾਏ : ਰਾਹੁਲ ਗਾਂਧੀ

Thursday, Jun 20, 2024 - 07:27 PM (IST)

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ UGC-NET ਅਤੇ NEET-UG ਪ੍ਰੀਖਿਆਵਾਂ 'ਚ ਕਥਿਤ ਪੇਪਰ ਲੀਕ ਦੇ ਮੁੱਦੇ 'ਤੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੇਪਰ ਲੀਕ ਨੂੰ ਰੋਕ ਨਹੀਂ ਪਾ ਰਹੇ ਜਾਂ ਫਿਰ ਰੋਕਣਾ ਨਹੀਂ ਚਾਹੁੰਦੇ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਵਿਦਿਅਕ ਸੰਸਥਾਵਾਂ 'ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਇਸ ਦੇ ਮਾਤਵਾਦੀ ਸੰਗਠਨ ਨਾਲ ਜੁੜੇ ਲੋਕਾਂ ਨੇ ਕਬਜ਼ਾ ਕਰ ਲਿਆ ਹੈ ਅਤੇ ਜਦੋਂ ਤੱਕ ਇਹ ਸਥਿਤੀ ਨਹੀਂ ਬਦਲੀ ਜਾਂਦੀ ਉਦੋਂ ਤੱਕ ਪੇਪਰ ਲੀਕ ਨਹੀਂ ਰੁਕਣਗੇ।

ਰਾਹੁਲ ਗਾਂਧੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਵਿਰੋਧੀ ਧਿਰ ਇਸ ਮੁੱਦੇ ਨੂੰ ਸੰਸਦ ਦੇ ਆਗਾਮੀ ਸੈਸ਼ਨ ਵਿੱਚ ਉਠਾਏਗੀ। ਉਨ੍ਹਾਂ ਕਿਹਾ, "ਇਹ ਕਿਹਾ ਜਾ ਰਿਹਾ ਸੀ ਕਿ ਨਰਿੰਦਰ ਮੋਦੀ ਨੇ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ ਰੋਕ ਦਿੱਤਾ ਸੀ... ਪਰ ਉਹ ਭਾਰਤ ਵਿੱਚ ਪੇਪਰ ਲੀਕ ਨੂੰ ਰੋਕ ਨਹੀਂ ਪਾ ਰਹੇ ਜਾਂ ਰੋਕਣਾ ਹੀ ਨਹੀਂ ਚਾਹੁੰਦੇ।" ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੱਧ ਪ੍ਰਦੇਸ਼ ਵਿੱਚ ਹੋਏ ‘ਵਿਆਪਮ’ ਘੁਟਾਲੇ ਨੂੰ ਦੇਸ਼ ਭਰ ਵਿੱਚ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਕਾਂਗਰਸੀ ਆਗੂ ਨੇ ਕਿਹਾ, "ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ... ਕੋਈ ਤਾਂ ਜ਼ਿੰਮੇਵਾਰ ਹੈ। ਉਨ੍ਹਾਂ ਨੂੰ ਫੜਿਆ ਜਾਣਾ ਚਾਹੀਦਾ ਹੈ।" ਮੈਡੀਕਲ ਦਾਖਲਾ ਪ੍ਰੀਖਿਆ 'NEET' ਨੂੰ ਲੈ ਕੇ ਪੈਦਾ ਹੋਏ ਵਿਵਾਦ ਦੇ ਵਿਚਕਾਰ, ਸਿੱਖਿਆ ਮੰਤਰਾਲੇ ਨੇ ਬੁੱਧਵਾਰ ਨੂੰ ਨੈਸ਼ਨਲ ਟੈਸਟਿੰਗ ਏਜੰਸੀ (NTA) ਦੁਆਰਾ ਆਯੋਜਿਤ UGC-NET ਪ੍ਰੀਖਿਆ ਨੂੰ ਰੱਦ ਕਰਨ ਦੇ ਆਦੇਸ਼ ਦਿੱਤੇ ਅਤੇ ਮਾਮਲੇ ਦੀ ਜਾਂਚ ਲਈ ਕੇਂਦਰੀ ਜਾਂਚ ਬਿਊਰੋ (CBI) ਨੂੰ ਸੌਂਪ ਦਿੱਤਾ।


Rakesh

Content Editor

Related News