ਤੇਲੰਗਾਨਾ ਨੂੰ ਲੈ ਕੇ ਪ੍ਰਧਾਨ ਮੰਤਰੀ ਦੀ ਟਿੱਪਣੀ ਸੂਬੇ ਦਾ ਅਪਮਾਨ : ਰਾਹੁਲ
Wednesday, Sep 20, 2023 - 01:13 PM (IST)
ਨਵੀਂ ਦਿੱਲੀ, (ਜ. ਬ.)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਿਹਾ ਕਿ ਤੇਲੰਗਾਨਾ ਅੰਦੋਲਨ ਦੇ ਸ਼ਹੀਦਾਂ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਬਾਰੇ ਸੰਸਦ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਥਿਤ ਅਪਮਾਨਜਨਕ ਟਿੱਪਣੀ ਸੂਬੇ ਦੀ ਹੋਂਦ ਅਤੇ ਸਵੈਮਾਣ ਦਾ ‘ਅਪਮਾਨ’ ਕਰਨ ਤੋਂ ਇਲਾਵਾ ਕੁਝ ਹੋਰ ਨਹੀਂ ਹੈ।
ਰਾਹੁਲ ਗਾਂਧੀ ਨੇ ਤੇਲਗੂ ਵਿਚ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਤੇਲੰਗਾਨਾ ਦੇ ਸ਼ਹੀਦਾਂ ਅਤੇ ਉਨ੍ਹਾਂ ਦੇ ਬਲਿਦਾਨ ’ਤੇ ਅਪਮਾਨਜਨਕ ਭਾਸ਼ਣ ਤੇਲੰਗਾਨਾ ਦੀ ਹੋਂਦ ਅਤੇ ਸਵੈ-ਮਾਣ ਦਾ ਅਪਮਾਨ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਸੋਮਵਾਰ ਨੂੰ ਲੋਕ ਸਭਾ ਵਿਚ ਆਪਣੇ ਸੰਬੋਧਨ ਦੌਰਾਨ ਇਸ ਗੱਲ ’ਤੇ ਅਫਸੋਸ ਪ੍ਰਗਟ ਕੀਤਾ ਕਿ ਆਂਧਰਾ ਪ੍ਰਦੇਸ਼ ਦੇ ਵੱਖ ਹੋਣ ਅਤੇ ਤੇਲੰਗਾਨਾ ਦੇ ਗਠਨ ਨਾਲ ਹੀ ਦੋਹਾਂ ਸੂਬਿਆਂ ’ਚ ‘ਕੁੜੱਤਣ ਵਧੀ ਅਤੇ ਖੂਨ ਖਰਾਬਾ’ ਹੋਇਆ।
ਤੇਲੰਗਾਨਾ ਸਰਕਾਰ ਦੇ ਮੰਤਰੀ ਅਤੇ ਭਾਰਤ ਰਾਸ਼ਟਰ ਸਮਿਤੀ (ਬੀ. ਆਰ. ਐੱਸ.) ਦੇ ਕਾਰਜਕਾਰੀ ਪ੍ਰਧਾਨ ਕੇ. ਟੀ. ਰਾਮਾ ਰਾਓ ਨੇ ਪ੍ਰਧਾਨ ਮੰਤਰੀ ਦੀ ਟਿੱਪਣੀ ਨੂੰ ‘ਅਪਮਾਨਜਨਕ’ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਇਤਿਹਾਸਕ ਤੱਥਾਂ ਪ੍ਰਤੀ ‘ਅਨਾਦਰ’ ਨੂੰ ਦਰਸਾਉਂਦੀ ਹੈ।