ਮੇਰੇ ’ਤੇ ਸੀ. ਬੀ. ਆਈ. ਅਤੇ ਈ. ਡੀ. ਦਾ ਦਬਾਅ ਨਹੀਂ ਚੱਲਦਾ : ਰਾਹੁਲ

Friday, Feb 11, 2022 - 10:26 AM (IST)

ਮੇਰੇ ’ਤੇ ਸੀ. ਬੀ. ਆਈ. ਅਤੇ ਈ. ਡੀ. ਦਾ ਦਬਾਅ ਨਹੀਂ ਚੱਲਦਾ : ਰਾਹੁਲ

ਦੇਹਰਾਦੂਨ– ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਨ੍ਹਾਂ ਦੀ ਗੱਲ ਨਾ ਸੁਣਨ ਦੇ ਦੋਸ਼ਾਂ ’ਤੇ ਵੀਰਵਾਰ ਨੂੰ ਪਲਟਵਾਰ ਕਰਦੇ ਹੋਏ ਕਿਹਾ ਕਿ ਇਸ ਦਾ ਮਤਲਬ ਹੈ ਕਿ ਉਨ੍ਹਾਂ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਅਤੇ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਦਾ ਦਬਾਅ ਨਹੀਂ ਚੱਲਦਾ।
ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਬੁੱਧਵਾਰ ਨੂੰ ਇਕ ਇੰਟਰਵਿਊ ’ਚ ਕਿਹਾ ਕਿ ਰਾਹੁਲ ਸੁਣਦੇ ਨਹੀਂ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸੋਚਦੇ ਹਨ ਕਿ ਹਰ ਕੋਈ ਉਨ੍ਹਾਂ ਤੋਂ ਡਰਦਾ ਹੈ ਪਰ ਉਹ ਉਨ੍ਹਾਂ ਤੋਂ ਡਰਦੇ ਨਹੀਂ ਹਨ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਉਨ੍ਹਾਂ ਦੇ ਹੰਕਾਰ ਨੂੰ ਵੇਖ ਕੇ ਮੈਨੂੰ ਹਾਸਾ ਆਉਂਦਾ ਹੈ। ਦੇਸ਼ ਨੂੰ ਅਰਬਪਤੀਆਂ ਅਤੇ ਗਰੀਬਾਂ ਦੇ ਦੋ ਹਿੱਸਿਆਂ ’ਚ ਵੰਡ ਕੇ ‘ਦੋ ਹਿੰਦੁਸਤਾਨ’ ਬਣਾਉਣ ਦੇ ਦੋਸ਼ਾਂ ਨੂੰ ਦੁਹਰਾਉਂਦੇ ਹੋਏ ਕਾਂਗਰਸ ਨੇਤਾ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨੇ ਨੋਟਬੰਦੀ ਅਤੇ ਗਲਤ ਜੀ. ਐੱਸ. ਟੀ. ਵਰਗੇ ਫੈਸਲਿਆਂ ਨੂੰ ਲਾਗੂ ਕਰ ਕੇ ਛੋਟੇ ਵਪਾਰੀਆਂ, ਦੁਕਾਨਦਾਰਾਂ, ਕਿਸਾਨਾਂ ਅਤੇ ਮਜ਼ਦੂਰਾਂ ਨੂੰ ਬਰਬਾਦ ਕਰ ਦਿੱਤਾ। ਉਨ੍ਹਾਂ ਨੇ ਲੋਕਾਂ ਨੂੰ ਪੁੱਛਿਆ ਕਿ ਕੀ ਨੋਟਬੰਦੀ ਨਾਲ ਦੇਸ਼ ’ਚ ਕਾਲਾ ਧਨ ਖਤਮ ਹੋ ਗਿਆ ਹੈ? ਕਾਂਗਰਸੀ ਨੇਤਾ ਨੇ ਕਿਹਾ ਕਿ ਇਹ ਕਾਲਾ ਧਨ ਸਫੇਦ ਹੋ ਗਿਆ ਅਤੇ ਭਾਜਪਾ ਨੂੰ ਮਿਲ ਗਿਆ। ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਉੱਤਰਾਖੰਡ ਸਮੇਤ ਪੂਰਾ ਦੇਸ਼ ਬੇਰੋਜ਼ਗਾਰੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ।

ਰਾਹੁਲ ਗਾਂਧੀ ਨੇ ਕੋਰੋਨਾ ਮਹਾਮਾਰੀ ਨਾਲ ਨਜਿੱਠਣ ’ਚ ਨਾਕਾਮ ਰਹਿਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਜਿੱਥੇ ਦੂਜੇ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਇਸ ਤੋਂ ਸੁਚੇਤ ਰਹਿਣ ਲਈ ਕਿਹਾ ਹੈ, ਉੱਥੇ ਹੀ ਮੋਦੀ ਨੇ ਲੋਕਾਂ ਨੂੰ ਥਾਲੀ ਵਜਾਉਣ ਅਤੇ ਮੋਬਾਇਲ ਫੋਨ ਦੀ ਟਾਰਚ ਚਲਾਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੁਹਾਡੇ ਮਾਤਾ-ਪਿਤਾ ਅਤੇ ਬੱਚਿਆਂ ਨੂੰ ਆਕਸੀਜਨ ਅਤੇ ਵੈਂਟੀਲੇਟਰਾਂ ਦੀ ਲੋੜ ਸੀ ਤਾਂ ਤੁਹਾਡੀ ਸਰਕਾਰ ਕਿੱਥੇ ਸੀ? ਗਾਂਧੀ ਨੇ ਦੋਸ਼ ਲਾਇਆ ਕਿ ਕੋਰੋਨਾ ਮਹਾਮਾਰੀ ਦੇ ਸਮੇਂ ਕੇਂਦਰ ਸਰਕਾਰ ਨੇ ਮਜ਼ਦੂਰਾਂ ਨੂੰ ਸੜਕਾਂ ’ਤੇ ਬੇਸਹਾਰਾ ਛੱਡ ਦਿੱਤਾ ਸੀ, ਜਦਕਿ ਕਾਂਗਰਸ ਵੱਲੋਂ ਉਨ੍ਹਾਂ ਲਈ ਕੀਤੀਆਂ ਗਈਆਂ ਬੱਸਾਂ ਦੀ ਵਿਵਸਥਾ ਨੂੰ ਵੀ ਭਾਜਪਾ ਦੀਆਂ ਸਰਕਾਰਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ।

 

ਕਾਂਗਰਸੀ ਨੇਤਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹਰ ਸਾਲ 2 ਕਰੋੜ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਪਰ ਉਸ ਨੇ ਉਨ੍ਹਾਂ ਦਾ ਰੋਜ਼ਗਾਰ ਖੋਹ ਲਿਆ, ਜਿਨ੍ਹਾਂ ਕੋਲ ਰੋਜ਼ਗਾਰ ਸੀ। ਉਨ੍ਹਾਂ ਦਾਅਵਾ ਕੀਤਾ ਕਿ ਯੂ. ਪੀ. ਏ. ਸਰਕਾਰ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ’ਚ 27 ਕਰੋੜ ਲੋਕਾਂ ਨੂੰ ਗਰੀਬੀ ’ਚੋਂ ਬਾਹਰ ਕੱਢਿਆ ਸੀ ਪਰ ਮੋਦੀ ਸਰਕਾਰ ਨੇ ਪਿਛਲੇ 7 ਸਾਲਾਂ ’ਚ 23 ਕਰੋੜ ਲੋਕਾਂ ਨੂੰ ਦੁਬਾਰਾ ਗਰੀਬੀ ’ਚ ਧੱਕ ਦਿੱਤਾ ਹੈ। ਗਾਂਧੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਗਰੀਬਾਂ ਦੀਆਂ ਜੇਬਾਂ ’ਚੋਂ ਪੈਸਾ ਕੱਢ ਕੇ ਕੁਝ ਅਰਬਪਤੀਆਂ ਨੂੰ ਫਾਇਦਾ ਪਹੁੰਚਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਭਾਰਤ ’ਚ 100 ਲੋਕਾਂ ਕੋਲ ਓਨਾ ਪੈਸਾ ਹੈ, ਜਿੰਨਾ ਦੇਸ਼ ਦੀ 40 ਫੀਸਦੀ ਆਬਾਦੀ ਕੋਲ ਹੈ।


author

Rakesh

Content Editor

Related News