ਦੇਸ਼ ਦੀ ਜਾਇਦਾਦ ਨੂੰ ਲੁੱਟਣਾ ਵਿਦੇਸ਼ ’ਚ ਪ੍ਰਧਾਨ ਮੰਤਰੀ ਲਈ ‘ਨਿੱਜੀ ਮਾਮਲਾ’ ਬਣ ਜਾਂਦੈ : ਰਾਹੁਲ ਗਾਂਧੀ
Friday, Feb 14, 2025 - 11:22 PM (IST)

ਨਵੀਂ ਦਿੱਲੀ, (ਭਾਸ਼ਾ)- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਮਰੀਕਾ ਵਿਚ ਉਦਯੋਗਪਤੀ ਗੌਤਮ ਅਡਾਣੀ ਨਾਲ ਜੁੜੇ ਮਾਮਲੇ ਵਿਚ ਕੀਤੀ ਗਈ ਟਿੱਪਣੀ ਨੂੰ ਲੈ ਕੇ ਸ਼ੁੱਕਰਵਾਰ ਨੂੰ ਦੋਸ਼ ਲਾਇਆ ਕਿ ਵਿਦੇਸ਼ ਵਿਚ ਪ੍ਰਧਾਨ ਮੰਤਰੀ ਮੋਦੀ ਲਈ ਰਿਸ਼ਵਤਖੋਰੀ ਅਤੇ ਦੇਸ਼ ਦੀ ਜਾਇਦਾਦ ਨੂੰ ਲੁੱਟਣਾ ‘ਨਿੱਜੀ ਮਾਮਲਾ’ ਬਣ ਜਾਂਦਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਇਕ ਸਾਂਝੀ ਪ੍ਰੈੱਸ ਕਾਨਫਰੰਸ ਵਿਚ ਗੌਤਮ ਅਡਾਣੀ ਨਾਲ ਸਬੰਧਤ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਭਾਰਤ ਇਕ ਲੋਕਤੰਤਰ ਹੈ ਅਤੇ ਸਾਡੀ ਸੰਸਕ੍ਰਿਤੀ ‘ਵਸੁਧੈਵ ਕੁਟੁੰਬਕਮ’ ਦੀ ਹੈ। ਅਸੀਂ ਪੂਰੀ ਦੁਨੀਆ ਨੂੰ ਇਕ ਪਰਿਵਾਰ ਮੰਨਦੇ ਹਾਂ। ਮੇਰਾ ਮੰਨਣਾ ਹੈ ਕਿ ਹਰ ਭਾਰਤੀ ਨਾਲ ਮੇਰਾ ਇਕ ਸਬੰਧ ਹੈ।
ਮੋਦੀ ਨੇ ਕਿਹਾ ਕਿ ਦੋ ਆਗੂਆਂ ਵਿਚਕਾਰ ਗੱਲਬਾਤ ਵਿਚ ਅਜਿਹੇ ਨਿੱਜੀ ਮਾਮਲਿਆਂ ’ਤੇ ਚਰਚਾ ਨਹੀਂ ਕੀਤੀ ਜਾਂਦੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ‘ਐਕਸ’ ’ਤੇ ਪੋਸਟ ਕੀਤਾ ਕਿ ਦੇਸ਼ ਵਿਚ ਸਵਾਲ ਪੁੱਛੋ ਤਾਂ ਚੁੱਪ, ਵਿਦੇਸ਼ ਵਿਚ ਪੁੱਛੋ ਤਾਂ ਨਿੱਜੀ ਮਾਮਲਾ। ਅਮਰੀਕਾ ’ਚ ਵੀ ਮੋਦੀ ਜੀ ਨੇ ਅਡਾਣੀ ਜੀ ਦੇ ਭ੍ਰਿਸ਼ਟਾਚਾਰ ’ਤੇ ਪਰਦਾ ਪਾ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਦੋਸਤ ਦੀ ਜੇਬ ਭਰਨਾ ਮੋਦੀ ਜੀ ਲਈ ‘ਰਾਸ਼ਟਰ ਨਿਰਮਾਣ’ ਹੈ, ਤਾਂ ਰਿਸ਼ਵਤਖੋਰੀ ਅਤੇ ਦੇਸ਼ ਦੀ ਜਾਇਦਾਦ ਨੂੰ ਲੁੱਟਣਾ ਇਕ ‘ਨਿੱਜੀ ਮਾਮਲਾ’ ਬਣ ਜਾਂਦਾ ਹੈ।
ਮਣੀਪੁਰ ਸਬੰਧੀ ਜ਼ਿੰਮੇਵਾਰੀ ਤੋਂ ਮੋਦੀ ਬਚ ਨਹੀਂ ਸਕਦੇ
ਰਾਹੁਲ ਗਾਂਧੀ ਨੇ ਕਿਹਾ ਕਿ ਮਣੀਪੁਰ ਦੇ ਬਦਤਰ ਹੋਏ ਹਾਲਾਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ਿੰਮੇਵਾਰ ਹਨ ਅਤੇ ਇਸ ਤੋਂ ਉਹ ਬਚ ਨਹੀਂ ਸਕਦੇ। ਇਸ ਲਈ ਦੇਰ ਨਾਲ ਹੀ ਸਹੀ ਪਰ ਉਨ੍ਹਾਂ ਨੇ ਮਣੀਪੁਰ ਵਿਚ ਰਾਸ਼ਟਰਪਤੀ ਰਾਜ ਲਗਾਉਣ ਦਾ ਫੈਸਲਾ ਕੀਤਾ ਹੈ।
ਰਾਹੁਲ ਨੇ ਕਿਹਾ ਕਿ ਮਣੀਪੁਰ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨਾ ਭਾਜਪਾ ਵੱਲੋਂ ਮਣੀਪੁਰ ਵਿਚ ਰਾਜ ਕਰਨ ਵਿਚ ਉਨ੍ਹਾਂ ਦੀ ਪੂਰਨ ਅਸਮਰੱਥਾ ਨੂੰ ਦੇਰ ਨਾਲ ਸਵੀਕਾਰ ਕਰਨਾ ਹੈ। ਹੁਣ ਮੋਦੀ ਮਣੀਪੁਰ ਲਈ ਆਪਣੀ ਸਿੱਧੀ ਜ਼ਿੰਮੇਵਾਰੀ ਤੋਂ ਇਨਕਾਰ ਨਹੀਂ ਕਰ ਸਕਦੇ।