ਕੀ ਰਾਹੁਲ ਦਾ ਦਾਅ ਰੰਗ ਲਿਆਏਗਾ?
Friday, Nov 08, 2024 - 11:04 AM (IST)
ਨਵੀਂ ਦਿੱਲੀ- ਹਰਿਆਣਾ ਤੇ ਜੰਮੂ ’ਚ ਮਿਲੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਗੱਠਜੋੜ ਦੀ ਕਮਾਂਡ ਸਬੰਧਤ ਸੂਬਿਆਂ ਦੀ ਲੀਡਰਸ਼ਿਪ ’ਤੇ ਛੱਡਣ ਦੀ ਬਜਾਏ ਆਪਣੇ ਹੱਥਾਂ ਵਿਚ ਲੈਣ ਦਾ ਫੈਸਲਾ ਕੀਤਾ ਹੈ। ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਚੋਣ ਰਣਨੀਤੀਆਂ ਤੇ ਸਬੰਧਤ ਮੁੱਦਿਆਂ ਦੀ ਨਿਗਰਾਨੀ ਕਰਨ ਲਈ ਨਿਯੁਕਤ ਕੀਤੇ ਗਏ ਸੂਬਾਈ ਆਬਜ਼ਰਵਰ ਲੱਗਭਗ ਸ਼ਕਤੀਹੀਣ ਕਰ ਦਿੱਤੇ ਗਏ ਸਨ। ਮੱਧ ਪ੍ਰਦੇਸ਼ ’ਚ ਵੀ ਅਜਿਹਾ ਹੀ ਹੋਇਆ ਸੀ ਜਦੋਂ ਰਾਹੁਲ ਨੇ ਰਣਦੀਪ ਸਿੰਘ ਸੁਰਜੇਵਾਲਾ ਤੇ ਹੋਰ ਆਬਜ਼ਰਵਰ ਉੱਥੇ ਭੇਜੇ ਸਨ।
ਉਹ ਕਮਲਨਾਥ ਦੀ ਆਭਾ ਤੇ ਸ਼ਖਸੀਅਤ ਦਾ ਸਾਹਮਣਾ ਕਰਨ ’ਚ ਬਹੁਤ ਛੋਟੇ ਸਨ। ਆਖਰ ਪਾਰਟੀ ਤੇ ਰਾਹੁਲ ਗਾਂਧੀ ਨੂੰ ਇਸ ਦੀ ਕੀਮਤ ਚੁਕਾਉਣੀ ਪਈ। ਰਾਜਸਥਾਨ ਤੇ ਛੱਤੀਸਗੜ੍ਹ ’ਚ ਵੀ ਅਜਿਹਾ ਹੀ ਹੋਇਆ। ਰਾਹੁਲ ਗਾਂਧੀ ਨੇ ਆਪਣਾ ਰੁਖ ਬਦਲਿਆ। ਉਨ੍ਹਾਂ ਝਾਰਖੰਡ ਤੇ ਮਹਾਰਾਸ਼ਟਰ ਵਿਧਾਨ ਸਭਾਵਾਂ ਦੀਆਂ ਚੋਣਾਂ ਲਈ ਅਸ਼ੋਕ ਗਹਿਲੋਤ, ਭੁਪੇਸ਼ ਬਘੇਲ ਤੇ ਅਧੀਰ ਰੰਜਨ ਚੌਧਰੀ ਵਰਗੇ ਸੀਨੀਅਰ ਨੇਤਾਵਾਂ ਨੂੰ ਆਬਜ਼ਰਵਰ ਨਿਯੁਕਤ ਕਰਨ ਦਾ ਫੈਸਲਾ ਕੀਤਾ। ਸੀਨੀਅਰ ਲੀਡਰਾਂ ਨੂੰ ਇਲਾਕੇ ਦੇ ਹਿਸਾਬ ਨਾਲ ਨਿਯੁਕਤ ਕੀਤਾ ਗਿਆ ਹੈ।
ਗਹਿਲੋਤ ਦੇ ਨਾਲ ਹੀ ਕਰਨਾਟਕ ਦੇ ਉਪ ਮੁੱਖ ਮੰਤਰੀ ਜੀ. ਪਰਮੇਸ਼ਵਰ ਨੂੰ ਮੁੰਬਈ ਤੇ ਕੋਂਕਣ ਖੇਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਵਿਦਰਭ ਖੇਤਰ ਦੀ ਜ਼ਿੰਮੇਵਾਰੀ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਮੱਧ ਪ੍ਰਦੇਸ਼ ਦੇ ਵਿਧਾਇਕ ਉਮੰਗ ਸਿੰਘ ਸੰਭਾਲਣਗੇ। ਸਚਿਨ ਪਾਇਲਟ ਤੇ ਤੇਲੰਗਾਨਾ ਦੇ ਸੀਨੀਅਰ ਮੰਤਰੀ ਉੱਤਮ ਕੁਮਾਰ ਰੈੱਡੀ ਨੂੰ ਮਰਾਠਵਾੜਾ ਖੇਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਛੱਤੀਸਗੜ੍ਹ ਦੇ ਸਾਬਕਾ ਉਪ ਮੁੱਖ ਮੰਤਰੀ ਟੀ. ਐੱਸ. ਸਿੰਘਦੇਵ ਤੇ ਕਰਨਾਟਕ ਦੇ ਸੀਨੀਅਰ ਮੰਤਰੀ ਐੱਮ. ਬੀ. ਪਾਟਿਲ ਨੂੰ ਪੱਛਮੀ ਮਹਾਰਾਸ਼ਟਰ ਦਾ ਇੰਚਾਰਜ ਬਣਾਇਆ ਗਿਆ ਹੈ।
ਰਾਜ ਸਭਾ ਦੇ ਸੀਨੀਅਰ ਮੈਂਬਰ ਸਈਦ ਨਾਸਿਰ ਹੁਸੈਨ ਤੇ ਤੇਲੰਗਾਨਾ ਦੇ ਸੀਨੀਅਰ ਮੰਤਰੀ ਡੀ. ਅਨਸੂਯਾ ਨੂੰ ਉੱਤਰੀ ਮਹਾਰਾਸ਼ਟਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮੁਕੁਲ ਵਾਸਨਿਕ ਤੇ ਅਵਿਨਾਸ਼ ਪਾਂਡੇ ਨੂੰ ਸੀਨੀਅਰ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਆਬਜ਼ਰਵਰਾਂ ਦਾ ਕਹਿਣਾ ਹੈ ਕਿ ਮਹਾਰਾਸ਼ਟਰ ਦੀਆਂ 75 ਤੋਂ ਵੱਧ ਵਿਧਾਨ ਸਭਾ ਸੀਟਾਂ ’ਤੇ ਕਾਂਗਰਸ ਤੇ ਭਾਜਪਾ ਆਹਮੋ-ਸਾਹਮਣੇ ਹਨ। ਅਗਲੀ ਸਰਕਾਰ ਦੀ ਕਿਸਮਤ ਇਨ੍ਹਾਂ ਹਲਕਿਆਂ ਦੇ ਚੋਣ ਨਤੀਜਿਆਂ ’ਤੇ ਨਿਰਭਰ ਕਰਦੀ ਹੈ।