''ਹਰਿਆਣਾ 'ਚ ਹੋਈ 25 ਲੱਖ ਵੋਟਾਂ ਦੀ ਚੋਰੀ !'' ਰਾਹੁਲ ਗਾਂਧੀ ਨੇ ਇਕ ਵਾਰ ਫ਼ਿਰ EC 'ਤੇ ਲਾਏ ਗੰਭੀਰ ਇਲਜ਼ਾਮ

Wednesday, Nov 05, 2025 - 04:35 PM (IST)

''ਹਰਿਆਣਾ 'ਚ ਹੋਈ 25 ਲੱਖ ਵੋਟਾਂ ਦੀ ਚੋਰੀ !'' ਰਾਹੁਲ ਗਾਂਧੀ ਨੇ ਇਕ ਵਾਰ ਫ਼ਿਰ EC 'ਤੇ ਲਾਏ ਗੰਭੀਰ ਇਲਜ਼ਾਮ

ਨੈਸ਼ਨਲ ਡੈਸਕ- ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਨਵੀਂ ਦਿੱਲੀ ਵਿੱਚ AICC ਹੈੱਡਕੁਆਰਟਰ ਵਿਖੇ ਇੱਕ ਪ੍ਰੈੱਸ ਕਾਨਫਰੰਸ ਕਰਕੇ ਹਰਿਆਣਾ ਦੇ ਚੋਣ ਨਤੀਜਿਆਂ ਨੂੰ ਲੈ ਕੇ ਵੱਡੇ ਦਾਅਵੇ ਕੀਤੇ।

ਰਾਹੁਲ ਗਾਂਧੀ ਨੇ ਗੁਰੂ ਨਾਨਕ ਦੇਵ ਜੀ ਦਾ ਨਾਮ ਲੈ ਕੇ ਪ੍ਰੈੱਸ ਕਾਨਫਰੰਸ ਦੀ ਸ਼ੁਰੂਆਤ ਕੀਤੀ ਅਤੇ ਐਲਾਨ ਕੀਤਾ ਕਿ ਉਹ ਹਰਿਆਣਾ ਦੀ ਗੱਲ ਕਰਨ ਜਾ ਰਹੇ ਹਨ। ਉਨ੍ਹਾਂ ਨੇ ਸਿੱਧਾ ਦੋਸ਼ ਲਗਾਇਆ ਕਿ ਹਰਿਆਣਾ ਪ੍ਰਦੇਸ਼ ਵਿੱਚ 25 ਲੱਖ ਵੋਟਾਂ ਦੀ ਚੋਰੀ ਹੋਈ ਹੈ। ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਹਰਿਆਣਾ ਦੇ ਐਗਜ਼ਿਟ ਪੋਲ ਵਿੱਚ ਕਾਂਗਰਸ ਜਿੱਤ ਰਹੀ ਸੀ ਅਤੇ ਪੋਸਟਲ ਬੈਲਟ ਵਿੱਚ ਵੀ ਕਾਂਗਰਸ ਅੱਗੇ ਸੀ, ਪਰ ਇੱਥੇ ਵੋਟ ਦੀ ਚੋਰੀ ਫੜ੍ਹੀ ਗਈ। ਉਨ੍ਹਾਂ ਨੇ ਮੁੱਖ ਮੰਤਰੀ ਸੈਣੀ 'ਤੇ ਵੀ ਹਮਲਾ ਕੀਤਾ। ਉਨ੍ਹਾਂ ਦੱਸਿਆ ਕਿ ਸੀ.ਐੱਮ. ਸੈਣੀ ਨੇ ਪਹਿਲਾਂ ਹੀ ਕਿਹਾ ਸੀ ਕਿ "ਵਿਵਸਥਾ ਸਾਡੇ ਕੋਲ ਹੈ।"

ਉਨ੍ਹਾਂ ਨੇ ਦੱਸਿਆ ਕਿ ਇਹ ਵੋਟ ਚੋਰੀ ਦਾ ਆਪਰੇਸ਼ਨ ਕੇਂਦਰੀਕ੍ਰਿਤ ਸੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਹਰਿਆਣਾ ਤੋਂ ਇਲਾਵਾ ਕਰਨਾਟਕ ਵਿੱਚ ਵੀ ਵੋਟ ਚੋਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇੱਕ ਔਰਤ ਬ੍ਰਾਜ਼ੀਲੀਅਨ ਕੁੜੀ ਨੇ 10 ਪੋਲਿੰਗ ਕੇਂਦਰਾਂ 'ਤੇ 22 ਵਾਰ ਵੋਟ ਪਾਈ। ਉਨ੍ਹਾਂ ਨੇ ਸਵਾਲ ਕੀਤਾ ਕਿ ਇਹ ਬ੍ਰਾਜ਼ੀਲੀਆਈ ਮਾਡਲ ਹਰਿਆਣਾ ਦੀ ਵੋਟਰ ਸੂਚੀ ਵਿੱਚ ਕਿਵੇਂ ਆਈ।

ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕੁੱਲ 5 ਵੱਖ-ਵੱਖ ਸ਼੍ਰੇਣੀਆਂ ਵਿੱਚ 25 ਲੱਖ ਵੋਟਾਂ ਦੀ ਚੋਰੀ ਹੋਈ। ਹਰਿਆਣਾ ਵਿੱਚ 5,21,619 ਡੁਪਲੀਕੇਟ ਵੋਟਰ ਸਨ। ਉਨ੍ਹਾਂ ਦੇ ਅਨੁਸਾਰ ਹਰਿਆਣਾ ਵਿੱਚ 8 ਵਿੱਚੋਂ ਇੱਕ ਵੋਟਰ ਨਕਲੀ ਸੀ। ਉਨ੍ਹਾਂ ਅੱਗੇ ਦੱਸਿਆ ਕਿ ਇੱਕ ਮਹਿਲਾ ਨੇ 9 ਵੱਖ-ਵੱਖ ਥਾਵਾਂ 'ਤੇ ਵੋਟ ਪਾਈ, ਜਦਕਿ ਇੱਕ ਲੱਖ 24 ਹਜ਼ਾਰ ਵੋਟਰ ਨਕਲੀ ਫੋਟੋ ਵਾਲੇ ਸਨ ਤੇ ਦੋ ਬੂਥਾਂ 'ਤੇ ਇੱਕ ਹੀ ਫੋਟੋ ਦੀ ਵਰਤੋਂ 223 ਵਾਰ ਕੀਤੀ ਗਈ।

ਉਨ੍ਹਾਂ ਅੱਗੇ ਦੱਸਿਆ ਕਿ 9 ਥਾਵਾਂ 'ਤੇ ਮਰਦਾਂ ਦੇ ਨਾਂ ਸਨ ਪਰ ਤਸਵੀਰਾਂ ਔਰਤਾਂ ਦੀਆਂ ਲੱਗੀਆਂ ਸਨ। ਬੱਚੇ ਦੀ ਤਸਵੀਰ ਸੀ ਪਰ ਉਮਰ 70 ਸਾਲ ਤੋਂ ਵੱਧ ਲਿਖੀ ਸੀ ਅਤੇ ਬਜ਼ੁਰਗ ਦੀ ਤਸਵੀਰ ਨਾਲ ਉਮਰ ਘੱਟ ਲਿਖੀ ਗਈ ਸੀ। ਰਾਹੁਲ ਗਾਂਧੀ ਨੇ ਇਹ ਵੀ ਦੋਸ਼ ਲਾਇਆ ਕਿ ਇੱਕ ਭਾਜਪਾ ਨੇਤਾ ਦੇ ਘਰ 60 ਵੋਟਰ ਰਜਿਸਟਰਡ ਸਨ ਅਤੇ ਹਰਿਆਣਾ ਵਿੱਚ ਇੱਕ ਪਤੇ 'ਤੇ 108 ਵੋਟਰਾਂ ਦੇ ਨਾਮ ਸਨ। 

ਉਨ੍ਹਾਂ ਨੇ ਚੋਣ ਕਮਿਸ਼ਨ 'ਤੇ ਸਿੱਧੇ ਦੋਸ਼ ਲਾਏ ਕਿ ਕਮਿਸ਼ਨ ਸੀ.ਸੀ.ਟੀ.ਵੀ. ਡਿਲੀਟ ਕਰ ਰਿਹਾ ਹੈ ਅਤੇ ਭਾਜਪਾ ਦੀ ਮਦਦ ਕਰ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਕਾਂਗਰਸ ਹਰਿਆਣਾ ਵਿੱਚ 22,779 ਵੋਟਾਂ ਨਾਲ ਹਾਰੀ ਸੀ ਅਤੇ 3.5 ਲੱਖ ਲੋਕਾਂ ਦੇ ਨਾਂ ਵੋਟਰ ਲਿਸਟ ਤੋਂ ਕੱਟੇ ਗਏ ਸਨ। ਅੰਤ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਹਰਿਆਣਾ ਤੋਂ ਬਾਅਦ ਹੁਣ ਬਿਹਾਰ ਦੀ ਵਾਰੀ ਹੈ, ਜਿੱਥੇ ਲੱਖਾਂ ਲੋਕਾਂ ਦੇ ਨਾਂ ਵੋਟਰ ਲਿਸਟ ਤੋਂ ਕੱਟੇ ਗਏ ਹਨ ਅਤੇ ਪੂਰੇ ਦੇ ਪੂਰੇ ਪਰਿਵਾਰ ਦੇ ਨਾਂ ਗਾਇਬ ਹਨ।


author

Harpreet SIngh

Content Editor

Related News