ਮੋਬਾਈਲ ’ਤੇ ਆਇਆ ਵਿਆਹ ਦਾ ਕਾਰਡ ਖੋਲ੍ਹਣ ਤੋਂ ਪਹਿਲਾਂ ਰਹੋ ਚੌਕਸ, ਕੀਤੇ ਹੋ ਨਾ ਜਾਓ ਠੱਗੀ ਦਾ ਸ਼ਿਕਾਰ

Thursday, Nov 06, 2025 - 04:57 AM (IST)

ਮੋਬਾਈਲ ’ਤੇ ਆਇਆ ਵਿਆਹ ਦਾ ਕਾਰਡ ਖੋਲ੍ਹਣ ਤੋਂ ਪਹਿਲਾਂ ਰਹੋ ਚੌਕਸ, ਕੀਤੇ ਹੋ ਨਾ ਜਾਓ ਠੱਗੀ ਦਾ ਸ਼ਿਕਾਰ

ਨਵੀਂ ਦਿੱਲੀ (ਮਹੇਸ਼ ਚੌਹਾਨ) – ਸਮੇਂ ਦੇ ਨਾਲ ਸਮਾਜ ਦੀਆਂ ਰਵਾਇਤਾਂ ਬਦਲ ਰਹੀਆਂ ਹਨ ਅਤੇ ਤਕਨੀਕ ਦਾ ਅਸਰ ਹਰ ਖੇਤਰ ਵਿਚ ਵੇਖਣ ਨੂੰ ਮਿਲ ਰਿਹਾ ਹੈ। ਪਹਿਲਾਂ ਦੇ ਦੌਰ ’ਚ ਜਦੋਂ ਕਿਸੇ ਦੇ ਘਰ ਵਿਆਹ ਜਾਂ ਕੋਈ ਹੋਰ ਸਮਾਰੋਹ ਹੁੰਦਾ ਸੀ ਤਾਂ ਪਰਿਵਾਰਕ ਮੈਂਬਰ ਖੁਦ ਇਕ-ਇਕ ਵਿਅਕਤੀ ਦੇ ਘਰ ਜਾ ਕੇ ਸੱਦਾ ਪੱਤਰ ਦਿੰਦੇ ਸਨ। ਇਹ ਸਮਾਜਿਕ ਪ੍ਰੰਪਰਾ ਨਾ ਸਿਰਫ ਰਿਸ਼ਤਿਆਂ ਨੂੰ ਮਜ਼ਬੂਤ ਕਰਦੀ ਸੀ ਸਗੋਂ ਇੱਜ਼ਤ ਮਾਣ ਦਾ ਪ੍ਰਤੀਕ ਵੀ ਮੰਨੀ ਜਾਂਦੀ ਸੀ। ਅੱਜ ਦੇ ਡਿਜੀਟਲ ਯੁੱਗ ’ਚ ਜਦੋਂ ਹਰ ਵਿਅਕਤੀ ਰੁੱਝਿਆ ਹੋਇਆ ਹੈ, ਉਦੋਂ ਇਹੀ ਪ੍ਰੰਪਰਾ ਹੁਣ ਵ੍ਹਟਸਐਪ ਅਤੇ ਸੋਸ਼ਲ ਮੀਡੀਆ ਰਾਹੀਂ ਡਿਜੀਟਲ ਕਾਰਡ ਭੇਜਣ ਤਕ ਸੀਮਿਤ ਹੋ ਗਈ ਹੈ।

ਲੋਕ ਹੁਣ ਆਪਣੇ ਰਿਸ਼ਤੇਦਾਰਾਂ ਅਤੇ ਜਾਣ ਪਛਾਣ ਵਾਲਿਆਂ ਨੂੰ ਵ੍ਹਟਸਐਪ ’ਤੇ ਸੁੰਦਰ ਡਿਜ਼ਾਈਨ ਵਾਲੇ ਡਿਜੀਟਲ ਸੱਦਾ ਪੱਤਰ ਭੇਜ ਦਿੰਦੇ ਹਨ ਅਤੇ ਨਾਲ ਹੀ ਲਿਖਦੇ ਹਨ, ‘‘ਇਸ ਕਾਰਡ ਨੂੰ ਸਾਡਾ ਸੱਦਾ ਸਮਝੋ, ਨਵੀਂ ਵਿਆਹੀ ਜੋੜੀ ਨੂੰ ਸਮੇਂ ’ਤੇ ਆ ਕੇ ਆਸ਼ੀਰਵਾਦ ਦਿਓ।’’ ਕਈ ਪਰਿਵਾਰ ਹੁਣ ਇਸ ਲਈ ਵੱਖ-ਵੱਖ ਵ੍ਹਟਸਐਪ ਗਰੁੱਪ ਵੀ ਬਣਾ ਲੈਂਦੇ ਹਨ ਜਿਨ੍ਹਾਂ ’ਚ ਵਿਆਹ ਦੇ ਸਾਰੇ ਪ੍ਰੋਗਰਾਮਾਂ ਦੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਪਰ ਤੁਸੀਂ ਕਦੇ ਸੋਚਿਆ ਹੈ ਕਿ ਇਸੇ ਡਿਜੀਟਲ ਸਹੂਲਤ ਰਾਹੀਂ ਸਾਈਬਰ ਅਪਰਾਧੀ ਤੁਹਾਡੀ ਨਿੱਜੀ ਜਾਣਕਾਰੀ ਚੋਰੀ ਕਰ ਲੈਂਦੇ ਹਨ? ਸਾਈਬਰ ਮਾਹਿਰਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ’ਚ ਠੱਗ ਅਜਿਹੇ ਡਿਜੀਟਲ ਵਿਆਹਾਂ ਦੇ ਕਾਰਡ ਭੇਜ ਰਹੇ ਹਨ ਜੋ ਏ. ਪੀ. ਕੇ. ਫਾਈਲ ਹੁੰਦੀ ਹੈ। ਵੇਖਣ ’ਚ ਇਹ ਬਿਲਕੁਲ ਵਿਆਹ ਦੇ ਕਾਰਡ ਵਾਂਗ ਲੱਗਦੀ ਹੈ। ਜਿਵੇਂ ਹੀ ਕੋਈ ਵਿਅਕਤੀ ਇਸ ਨੂੰ ਖੋਲ੍ਹਦਾ ਹੈ, ਉਸ ਦਾ ਫੋਨ ਹੈਕ ਹੋ ਜਾਂਦਾ ਅਤੇ ਨਿੱਜੀ ਜਾਣਕਾਰੀ ਸਾਈਬਰ ਅਪਰਾਧੀਆਂ ਦੇ ਹੱਥ ਲੱਗ ਜਾਂਦੀ ਹੈ।

ਫੋਨ ਹੈਂਗ ਨਹੀਂ, ਹੈਕ ਹੋ ਜਾਂਦਾ ਹੈ
ਸਾਈਬਰ ਮਾਹਿਰਾਂ ਮੁਤਾਬਿਕ ਜਿਵੇਂ ਹੀ ਯੂਜ਼ਰ ਇਸ ਫਰਜ਼ੀ ਡਿਜੀਟਲ ਕਾਰਡ ਨੂੰ ਖੋਲ੍ਹਦਾ ਹੈ, ਫੋਨ ’ਚ ਮਲਟੀਲੇਅਰ ਆਪਣੇ ਆਪ ਇੰਸਟਾਲ ਹੋ ਜਾਂਦਾ ਹੈ। ਕਈ ਵਾਰ ਯੂਜ਼ਰ ਨੂੰ ਲੱਗਦਾ ਹੈ ਕਿ ਫੋਨ ਹੈਂਗ ਹੋ ਗਿਆ ਹੈ ਪਰ ਅਸਲ ’ਚ ਉਸ ਦਾ ਡਿਵਾਈਸ ਹੈਕ ਹੋ ਚੁੱਕਾ ਹੁੰਦਾ ਹੈ। ਇਸ ਤੋਂ ਬਾਅਦ ਠੱਗ ਬੈਂਕ ਖਾਤੇ ਨਾਲ ਜੁੜੇ ਮੋਬਾਈਲ ਨੰਬਰ ਨੂੰ ਬਦਲ ਦਿੰਦੇ ਹਨ ਤਾਂ ਜੋ ਓ. ਟੀ. ਪੀ. ਉਨ੍ਹਾਂ ਦੇ ਆਪਣੇ ਕੋਲ ਪਹੁੰਚ ਜਾਏ ਅਤੇ ਪੀੜਤ ਨੂੰ ਇਸ ਬਾਰੇ ਪਤਾ ਹੀ ਨਾ ਲੱਗੇ। ਇਸ ਢੰਗ ਨਾਲ ਉਹ ਪੀੜਤ ਦੇ ਖਾਤੇ ’ਚੋਂ ਪੈਸੇ ਕਢਵਾਉਣ ਜਾਂ ਆਨਲਾਈਨ ਸ਼ਾਪਿੰਗ ਕਰਨ ਵਿਚ ਸਫਲ ਹੋ ਜਾਂਦੇ ਹਨ। ਜਾਂਚ ਏਜੰਸੀਆਂ ਮੁਤਾਬਿਕ ਇਸ ਤਰ੍ਹਾਂ ਦੇ ਅਪਰਾਧਾਂ ਲਈ ਵਰਤੇ ਜਾਣ ਵਾਲੇ ਸਿਮ ਕਾਰਡ ਵੀ ਫਰਜ਼ੀ ਦਸਤਾਵੇਜ਼ਾਂ ’ਤੇ ਲਏ ਜਾਂਦੇ ਹਨ। ਅਜਿਹੇ ਸਰਗਰਮ ਗੈਂਗਾਂ ਕੋਲ ਸੈਂਕੜੇ ਫਰਜ਼ੀ ਸਿਮ ਹੁੰਦੇ ਹਨ, ਜਿਨ੍ਹਾਂ ਦੀ ਕੀਮਤ 500 ਰੁਪਏ ਤੋਂ 5000 ਰੁਪਏ ਤਕ ਹੁੰਦੀ ਹੈ। ਠੱਗ ਅਪਰਾਧ ਤੋਂ ਬਾਅਦ ਅਜਿਹੇ ਸਿਮ ਕਾਰਡ ਨੂੰ ਸੁੱਟ ਦਿੰਦੇ ਹਨ ਤਾਂ ਜੋ ਉਨ੍ਹਾਂ ਦਾ ਪਤਾ ਨਾ ਲਾਇਆ ਜਾ ਸਕੇ।

ਇੰਝ ਕਰਦੇ ਹਨ ਸਾਈਬਰ ਅਪਰਾਧੀ ਹਮਲਾ
ਸਾਈਬਰ ਠੱਗ ਭਰੋਸੇਯੋਗ ਨਜ਼ਰ ਆਉਣ ਵਾਲੀ ਪੇਸ਼ਕਸ਼ ਜਾਂ ਸੱਦਾ ਭੇਜ ਕੇ ਯੂਜ਼ਰਸ ਦਾ ਭਰੋਸਾ ਜਿੱਤਦੇ ਹਨ। ਇਹ ਕਾਰਡ ਜਾਂ ਤਾਂ ਪੀ. ਡੀ. ਐੱਫ., ਫੋਟੋ ਜਾਂ ਵੀਡੀਓ ਦੇ ਰੂਪ ’ਚ ਹੁੰਦਾ ਹੈ। ਜਿਵੇਂ ਹੀ ਕੋਈ ਵਿਅਕਤੀ ਉਸ ਨੂੰ ਡਾਊਨਲੋਡ ਕਰਦਾ ਹੈ, ਉਸੇ ਪਲ ਇਕ ਲੁਕੀ ਹੋਈ ਏ. ਪੀ. ਕੇ. ਫਾਈਲ ਵੀ ਨਾਲ ਹੀ ਡਾਊਨਲੋਡ ਹੋ ਜਾਂਦੀ ਹੈ ਅਤੇ ਫੋਨ ’ਚ ਮਾਲਵੇਅਰ ਨੂੰ ਇੰਸਟਾਲ ਕਰ ਦਿੰਦੀ ਹੈ। ਉਸ ਤੋਂ ਬਾਅਦ ਹੈਕਰ ਯੂਜ਼ਰਸ ਦੀ ਫੋਨ ਕਾਲ, ਗੈਲਰੀ, ਮੈਸੇਜ ਅਤੇ ਬੈਂਕਿੰਗ ਸਰਕੂਲੇਸ਼ਨ ਤੱਕ ਪਹੁੰਚ ਬਣਾ ਲੈਂਦੇ ਹਨ।

ਕਿਵੇਂ ਕਰੀਏ ਬਚਾਅ

  • ਸਾਈਬਰ ਮਾਹਿਰਾਂ ਦਾ ਕਹਿਣਾ ਹੈ ਕਿ ਠੱਗ ਲੋਕਾਂ ਦੀ ਜਲਦਬਾਜ਼ੀ ਅਤੇ ਭਰੋਸੇ ਦਾ ਲਾਭ ਉਠਾਉਂਦੇ ਹਨ। ਅਕਸਰ ਲੋਕ ਬਿਨਾਂ ਸੋਚੇ ਸਮਝੇ ਕਿਸੇ ਵੀ ਲਿੰਕ ਜਾਂ ਫੋਟੋ ਨੂੰ ਖੋਲ੍ਹ ਲੈਂਦੇ ਹਨ ਅਜਿਹੇ ਮਾਮਲਿਆਂ ’ਚ ਕੁਝ ਸੌਖੀਆਂ ਸਾਵਧਾਨੀ ਵਰਤ ਕੇ ਤੁਸੀਂ ਆਪਣੇ ਫੋਨ ਤੇ ਪੈਸੇ ਨੂੰ ਸੁਰੱਖਿਅਤ ਰੱਖ ਸਕਦੇ ਹੋ।
  • ਅਣਜਾਨ ਨੰਬਰ ਤੋਂ ਆਉਣ ਵਾਲੇ ਕਿਸੇ ਵੀ ਕਾਰਡ, ਲਿੰਕ ਜਾਂ ਫੋਟੋ ਨੂੰ ਨਾ ਖੋਲ੍ਹੋ।
  • ਜੇ ਕਾਰਡ ਕਿਸੇ ਜਾਣਕਾਰ ਦੇ ਨਾਂ ਤੋਂ ਆਇਆ ਹੈ ਤਾਂ ਪਹਿਲਾਂ ਉਸ ਵਿਅਕਤੀ ਨੂੰ ਫੋਨ ਕਰ ਕੇ ਇਸ ਸਬੰਧੀ ਪੁਸ਼ਟੀ ਕਰੋ।
  • ਸ਼ੱਕ ਹੋਣ ’ਤੇ ਅਜਿਹੇ ਨੰਬਰ ਨੂੰ ਤੁਰੰਤ ਬਲਾਕ ਕਰੋ, ਰਿਪੋਰਟ ਕਰੋ।
  • ਆਪਣੇ ਫੋਨ ’ਚ ਹਮੇਸ਼ਾ ਲੇਟੈਸਟ ਸਕਿਓਰਿਟੀ ਅਪਡੇਟ ਇੰਸਟਾਲ ਕਰੋ।
     

author

Inder Prajapati

Content Editor

Related News