ਬੇਅਦਬੀ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਰਾਘਵ ਨੇ ਚੁੱਕੀ ਆਵਾਜ਼, ਸੰਸਦ ਨੂੰ ਮੁਲਤਵੀ ਕਰਨ ਦਾ ਦਿੱਤਾ ਨੋਟਿਸ
Friday, Dec 16, 2022 - 11:20 AM (IST)
ਨਵੀਂ ਦਿੱਲੀ- ਸੰਸਦ ਦਾ ਸਰਦ ਰੁੱਤ ਸੈਸ਼ਨ ਜਾਰੀ ਹੈ। ਚੀਨ ਨਾਲ ਟਕਰਾਅ ਦੇ ਮੁੱਦੇ 'ਤੇ ਦੋਹਾਂ ਸਦਨਾਂ 'ਚ ਅੱਜ ਯਾਨੀ ਸ਼ੁੱਕਰਵਾਰ ਨੂੰ ਇਕ ਵਾਰ ਮੁੜ ਹੰਗਾਮੇ ਦੇ ਆਸਾਰ ਹਨ। ਇਸ ਵਿਚ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਬੇਅਦਬੀ ਦੀਆਂ ਘਟਨਾਵਾਂ ਖ਼ਿਲਾਫ਼ ਵੱਡਾ ਕਦਮ ਚੁੱਕਿਆ ਹੈ। ਰਾਘਵ ਚੱਢਾ ਨੇ ਬੇਅਦਬੀ ਦੀਆਂ ਘਟਨਾਵਾਂ 'ਚ ਦੋਸ਼ੀਆਂ ਦੀ ਸਖ਼ਤ ਸਜ਼ਾ ਯਕੀਨੀ ਕਰਨ ਲਈ ਕਾਨੂੰਨਾਂ 'ਚ ਸੋਧ ਕਰਨ ਲਈ ਸੰਸਦ ਨੂੰ ਮੁਲਤਵੀ ਕਰਨ ਦਾ ਨੋਟਿਸ ਦਿੱਤਾ ਹੈ। ਉਨ੍ਹਾਂ ਕਿਹਾ,''ਸਾਡੇ ਲਈ ਗੁਰੂ ਸਾਹਿਬਾਨ ਦੇ ਸਨਮਾਨ ਤੋਂ ਵੱਧ ਕੇ ਕੁਝ ਨਹੀਂ ਹੈ। ਅਸੀਂ ਸੀਸ ਕੱਟਾ ਸਕਦੇ ਹਾਂ ਪਰ ਬੇਅਦਬੀ ਬਰਦਾਸ਼ਤ ਨਹੀਂ ਕਰ ਸਕਦੇ ਹਾਂ।''
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਰਾਘਵ ਚੱਢਾ ਨੇ ਵੀਰਵਾਰ ਨੂੰ ਨਿਊਜ਼ ਚੈਨਲਾਂ ’ਤੇ ਭੜਕਾਊ ਬਹਿਸ ਦਾ ਮੁੱਦਾ ਚੁੱਕਿਆ ਸੀ। ਉਨ੍ਹਾਂ ਸੂਚਨਾ ਤੇ ਪ੍ਰਸਾਰਨ ਮੰਤਰੀ ਨੂੰ ਸਵਾਲ ਕੀਤਾ ਕਿਹਾ ਕਿ ਭੜਕਾਊ ਬਹਿਸਾਂ ਕਰਨ ਵਾਲੇ ਚੈਨਲਾਂ ’ਤੇ ਕੇਂਦਰ ਸਰਕਾਰ ਕੀ ਕਾਰਵਾਈ ਕਰ ਰਹੀ ਹੈ? ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰਿਵੰਸ਼ ਨਰਾਇਣ ਸਿੰਘ ਆਪ ਜਰਨਲਿਸਟ ਰਹੇ ਹਨ ਅਤੇ ਖਬਰਾਂ ਦੇ ਮਹੱਤਵ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਦੇਸ਼ ਵਿਚ ਨਿਊਜ (ਖਬਰਾਂ) ਨਾਇਜ਼ (ਆਵਾਜ਼ ਪ੍ਰਦੂਸ਼ਣ) ਵਿਚ ਬਦਲ ਗਈਆਂ ਹਨ। ਜ਼ਿਆਦਾਤਰ ਚੈਨਲ ਸ਼ਾਮ 5 ਵਜੇ ਤੋਂ ਰਾਤ 11 ਵਜੇ ਤੱਕ ਭੜਕਾਊ ਬਹਿਸ ਕਰਵਾ ਕੇ ਮਾਨਸਿਕ ਪ੍ਰਦੂਸ਼ਣ ਫੈਲਾਉਣ ਦਾ ਕੰਮ ਕਰਦੇ ਹਨ। ਇਸ ਦੇ ਜਵਾਬ ਵਿਚ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਪਹਿਲਾਂ ਤੋਂ ਹੀ 3-ਪੱਧਰੀ ਸ਼ਿਕਾਇਤ ਨਿਵਾਰਣ ਕਮੇਟੀ ਦੀ ਵਿਵਸਥਾ ਹੈ। ਜੇਕਰ ਕੋਈ ਇਸ ਵਿਚ ਆਪਣੀ ਸ਼ਿਕਾਇਤ ਭੇਜਦਾ ਹੈ ਤਾਂ ਇਸ ਦਾ ਨਿਪਟਾਰਾ ਕੀਤਾ ਜਾਂਦਾ ਹੈ ਪਰ ਵਰਤਮਾਨ ਵਿਚ ਅਜਿਹੀ ਕੋਈ ਸ਼ਿਕਾਇਤ ਕਿਸੇ ਵਿਅਕਤੀ ਵਲੋਂ ਨਹੀਂ ਕੀਤੀ ਗਈ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ