ਰਾਘਵ ਚੱਢਾ ਨੇ ਰਾਜ ਸਭਾ ’ਚ ਪੁੱਛਿਆ- ਮਣੀਪੁਰ ’ਚ ਕੀ ਹੋ ਰਿਹਾ ਹੈ?
Saturday, Jul 22, 2023 - 12:44 PM (IST)
ਨਵੀਂ ਦਿੱਲੀ/ਜਲੰਧਰ (ਧਵਨ)- ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਦੇ ਮੈਂਬਰ ਰਾਘਵ ਚੱਢਾ ਨੇ ਸੰਸਦ ਦੇ ਨਿਯਮ 267 ਤਹਿਤ ਬਿਜ਼ਨਸ ਸਸਪੈਂਸ਼ਨ ਨੋਟਿਸ ਦਾਇਰ ਕਰ ਕੇ ਮਣੀਪੁਰ ਦੇ ਲੋਕਾਂ ਦਾ ਪੱਖ ਲਿਆ ਹੈ। ਉਨ੍ਹਾਂ ਕਿਹਾ ਕਿ ਮਣੀਪੁਰ ਦੀ ਸਥਿਤੀ ਬਹੁਤ ਅਹਿਮ ਹੈ ਅਤੇ ਇਸ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ। ਸਾਰੇ ਸੂਚੀਬੱਧ ਕੰਮਾਂ ਨੂੰ ਮੁਅੱਤਲ ਕਰਨ ਅਤੇ ਮਣੀਪੁਰ ’ਤੇ ਚਰਚਾ ਕਰਨ ਲਈ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਚੱਢਾ ਦੀ ਅਪੀਲ ਵਿਰੋਧੀ ਸੰਸਦ ਮੈਂਬਰਾਂ ਦੀ ਸਮੂਹਿਕ ਮੰਗ ਨੂੰ ਦਰਸਾਉਂਦੀ ਹੈ, ਜੋ ਵਧ ਰਹੇ ਸੰਕਟ ਤੋਂ ਚਿੰਤਤ ਹਨ ਅਤੇ ਵੱਖ-ਵੱਖ ਪਾਰਟੀਆਂ ਵਲੋਂ ਬਿਜ਼ਨਸ ਸਸਪੈਂਸ਼ਨ ਨੋਟਿਸਾਂ ਦੀ ਸਥਿਤੀ ਦੀ ਗੰਭੀਰਤਾ ’ਤੇ ਹੋਰ ਜ਼ੋਰ ਦਿੰਦੇ ਹਨ।
ਚੱਢਾ ਨੇ ਇਸ ਮਾਮਲੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵੀ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ 2017 ’ਚ ਪ੍ਰਧਾਨ ਮੰਤਰੀ ਮੋਦੀ ਨੇ ਖੁਦ ਟਵੀਟ ਕੀਤਾ ਸੀ ਕਿ ਜੋ ਸੂਬੇ ’ਚ ਸ਼ਾਂਤੀ ਯਕੀਨੀ ਨਹੀਂ ਬਣਾ ਸਕਦੇ , ਉਨ੍ਹਾਂ ਨੂੰ ਮਣੀਪੁਰ ’ਤੇ ਰਾਜ ਕਰਨ ਦਾ ਕੋਈ ਅਧਿਕਾਰ ਨਹੀਂ। ਅੱਜ ਜੋ ਕੁਝ ਹੋ ਰਿਹਾ ਹੈ, ਉਹ 2017 ਨਾਲੋਂ ਭਿਆਨਕ ਹੈ। ਜਵਾਬਦੇਹੀ ਦੀ ਮੰਗ ਕਰਦਿਆਂ ਚੱਢਾ ਨੇ ਕਿਹਾ ਕਿ ਭਾਜਪਾ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਮਾਮਲੇ ’ਤੇ ਚਰਚਾ ਕਰ ਕੇ ਇਲਾਕੇ ’ਚ ਚੱਲ ਰਹੀਆਂ ਸਰਗਰਮੀਆਂ ਬਾਰੇ ਘਰ-ਘਰ ਜਾ ਕੇ ਜਾਣਕਾਰੀ ਦੇਵੇ। ਮਣੀਪੁਰ ਦੀ ਸਥਿਤੀ ਡਬਲ ਇੰਜਣ ਵਾਲੀ ਸਰਕਾਰ ਤੋਂ ਜਵਾਬਦੇਹੀ ਅਤੇ ਪਾਰਦਰਸ਼ਤਾ ਦੀ ਮੰਗ ਕਰਦੀ ਹੈ। ਚੱਢਾ ਨੇ ਮਣੀਪੁਰ ’ਚ ਐੱਨ. ਬੀਰੇਨ ਸਿੰਘ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੂੰ ਹਟਾਉਣ ਅਤੇ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕੀਤੀ ਤਾਂ ਜੋ ਇੱਕ ਸ਼ਕਤੀਸ਼ਾਲੀ ਸੰਦੇਸ਼ ਜਾਏ ਕਿ ਮਣੀਪੁਰ ਦੇ ਲੋਕ ਇੱਕ ਅਜਿਹੀ ਸਰਕਾਰ ਦੇ ਹੱਕਦਾਰ ਹਨ ਜੋ ਉਹਨਾਂ ਦੀਆਂ ਸ਼ਿਕਾਇਤਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰ ਸਕੇ ਅਤੇ ਉਹਨਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾ ਸਕੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਲਈ ਜ਼ਿੰਮੇਵਾਰੀ ਨਾਲ ਕੰਮ ਕਰਨ ਦਾ ਸਮਾਂ ਆ ਗਿਆ ਹੈ। ਉਹ ਲੋਕਾਂ ਦੀ ਭਲਾਈ ਵੱਲ ਪਹਿਲ ਦੇਵੇ ਅਤੇ ਮਣੀਪੁਰ ਵਿੱਚ ਚੱਲ ਰਹੇ ਸੰਕਟ ਨੂੰ ਖ਼ਤਮ ਕਰੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8