ਦਿੱਲੀ ਤੋਂ ਦੋਹਾ ਜਾਣ ਵਾਲੀ ਫਲਾਈਟ ਦੀ ਕਰਾਚੀ ’ਚ ਐਮਰਜੈਂਸੀ ਲੈਂਡਿੰਗ, 100 ਤੋਂ ਵਧੇਰੇ ਯਾਤਰੀ ਸਨ ਸਵਾਰ
Monday, Mar 21, 2022 - 01:09 PM (IST)
ਨਵੀਂ ਦਿੱਲੀ- ਕਤਰ ਏਅਰਵੇਜ਼ ਦੇ ਦਿੱਲੀ ਤੋਂ ਦੋਹਾ ਜਾ ਰਹੇ ਜਹਾਜ਼ ’ਚ ਤਕਨੀਕੀ ਖਰਾਬੀ ਕਾਰਨ ਕਰਾਚੀ ’ਚ ਐਮਰਜੈਂਸੀ ਸਥਿਤੀ ’ਚ ਉਤਾਰਿਆ ਗਿਆ। ਜਹਾਜ਼ ਕੰਪਨੀ ਨੇ ਇਹ ਜਾਣਕਾਰੀ ਦਿੱਤੀ। ਇਸ ਜਹਾਜ਼ ’ਚ 100 ਤੋਂ ਵਧੇਰੇ ਯਾਤਰੀ ਸਵਾਰ ਸਨ। ਖ਼ਬਰ ਮੁਤਾਬਕ ਕਤਰ ਏਅਰਵੇਜ਼ ਦੀ ਉਡਾਣ ਨੰਬਰ-QR579 ਨੂੰ ਕੁਝ ਤਕਨੀਕੀ ਕਾਰਨਾਂ ਤੋਂ ਕਰਾਚੀ ਵੱਲ ਮੋੜਿਆ ਗਿਆ ਹੈ।
ਉੱਥੇ ਹੀ ਕਤਰ ਏਅਰਵੇਜ਼ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਕਾਰਗੋ ਹੋਲਡ ’ਚ ਧੂੰਏਂ ਦੇ ਸੰਕੇਤ ਕਾਰਨ ਅਜਿਹਾ ਕੀਤਾ ਗਿਆ। ਜਹਾਜ਼ ਕਰਾਚੀ ’ਚ ਸੁਰੱਖਿਅਤ ਰੂਪ ਨਾਲ ਉਤਰਿਆ। ਜਹਾਜ਼ ਤੋਂ ਯਾਤਰੀਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ। ਕਤਰ ਏਅਰਵੇਜ਼ ਦਾ ਕਹਿਣਾ ਹੈ ਕਿ ਘਟਨਾ ਦੀ ਫ਼ਿਲਹਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਯਾਤਰੀਆਂ ਨੂੰ ਦੋਹਾ ਲੈ ਕੇ ਜਾਣ ਲਈ ਇਕ ਹੋਰ ਰਾਹਤ ਉਡਾਣ ਦੀ ਵਿਵਸਥਾ ਕੀਤੀ ਗਈ ਹੈ। ਅਸੀਂ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਮੁਆਫ਼ੀ ਚਾਹੁੰਦੇ ਹਾਂ। ਅੱਗੇ ਦੀ ਯਾਤਰਾ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇਗੀ।
ਜਹਾਜ਼ ਕੰਪਨੀ ਨੇ ਕਿਹਾ ਕਿ 21 ਮਾਰਚ ਨੂੰ ਦਿੱਲੀ ਤੋਂ ਦੋਹਾ ਜਾ ਰਹੇ ਜਹਾਜ਼ ਨੰਬਰ-QR579 ਦੇ ਕਾਰਗੋ ਹੋਲਡ ’ਚੋਂ ਧੂੰਆਂ ਨਿਕਲਣ ਦੇ ਸੰਕੇਤ ਤੋਂ ਬਾਅਦ ਐਮਰਜੈਂਸੀ ਸਥਿਤੀ ਦਾ ਐਲਾਨ ਕੀਤਾ ਗਿਆ ਅਤੇ ਉਸ ਨੂੰ ਕਰਾਚੀ ’ਚ ਸੁਰੱਖਿਅਤ ਉਤਾਰ ਲਿਆ ਗਿਆ।