ਮਾਨਸੀ ਜੋਸ਼ੀ ਨੇ ਇਕ ਪੈਰ ਨਾਲ ਖੇਡ ਕੇ ਬੈਡਮਿੰਟਨ ’ਚ ਜਿੱਤਿਆ ਗੋਲਡ ਮੈਡਲ
Wednesday, Aug 28, 2019 - 01:10 PM (IST)

ਨਵੀਂ ਦਿੱਲੀ— ਪੈਰਾ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ’ਚ ਭਾਰਤ ਨੇ 12 ਮੈਡਲ ਜਿੱਤੇ। ਮੰਗਲਵਾਰ ਨੂੰ ਖੇਡ ਮੰਤਰੀ ਕਿਰਨ ਰਿਜਿਜੂ ਨੇ ਇਨ੍ਹਾਂ ਖਿਡਾਰੀਆਂ ਨੂੰ ਸਨਮਾਨਤ ਕੀਤਾ। ਪੈਰਾ ਬੈਡਮਿੰਟਨ ਖਿਡਾਰੀਆਂ ਨੂੰ ਪਹਿਲੀ ਵਾਰ ਨਕਦ ਧਨ ਰਾਸ਼ੀ ਦਿੱਤੀ ਗਈ। ਇਸ ਲਈ ਨਿਯਮ ਵੀ ਬਦਲੇ ਗਏ।
ਪੀ.ਐੱਮ. ਮੋਦੀ ਨੇ ਖਿਡਾਰੀਆਂ ਨੂੰ ਦਿੱਤੀ ਵਧਾਈ
ਬੁੱਧਵਾਰ ਸਵੇਰੇ ਪ੍ਰਧਾਨ ਨਰਿੰਦਰ ਨਰਿੰਦਰ ਮੋਦੀ ਨੇ ਵੀ ਇਨ੍ਹਾਂ ਖਿਡਾਰੀਆਂ ਨੂੰ ਵਧਾਈ ਦਿੱਤੀ। ਪੀ.ਐੱਮ. ਨੇ ਟਵੀਟ ਕੀਤਾ,‘‘130 ਕਰੋੜ ਭਾਰਤੀਆਂ ਨੂੰ ਪੈਰਾ ਬੈਡਮਿੰਟਨ ਦਲ ’ਤੇ ਬਹੁਤ ਮਾਣ ਹੈ। ਇਸ ਦਲ ਨੇ ਬੀ.ਡਬਲਿਊ.ਐੱਫ. ਪੈਰਾ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ 2019 ’ਚ 12 ਮੈਡਲ ਜਿੱਤੇ। ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ, ਜਿਨ੍ਹਾਂ ਦੀ ਕਾਮਯਾਬੀ ਕਾਫ਼ੀ ਖੁਸ਼ੀ ਦੇਣ ਵਾਲੀ ਅਤੇ ਪ੍ਰੇਰਨਾ ਦੇਣ ਵਾਲੀ ਹੈ। ਇਨ੍ਹਾਂ ’ਚੋਂ ਹਰ ਖਿਡਾਰੀ ਅਸਾਧਾਰਣ ਹੈ।’’
ਸੜਕ ਹਾਦਸੇ ਕਾਰਨ 2 ਮਹੀਨੇ ਰਹੀ ਹਸਪਤਾਲ
ਇਨ੍ਹਾਂ ’ਚੋਂ ਹੀ ਇਕ ਖਿਡਾਰੀ ਹੈ ਮਾਨਸੀ ਜੋਸ਼ੀ। ਮਹਾਰਾਸ਼ਟਰ ਦੀ ਰਹਿਣ ਵਾਲੀ ਇਸ ਖਿਡਾਰੀ ਨੇ ਮਹਿਲਾ ਏਕਲ ’ਚ ਗੋਲਡ ਮੈਡਲ ਜਿੱਤਿਆ। ਮਾਨਸੀ ਜੋਸ਼ੀ ਨੂੰ ਬਚਪਨ ਤੋਂ ਹੀ ਬੈਡਮਿੰਟਨ ’ਚ ਦਿਲਚਸਪੀ ਸੀ। ਪਿਤਾ ਮੁੰਬਈ ਦੇ ਭਾਭਾ ਏਟਾਮਿਕ ਰਿਸਰਚ ਸੈਂਟਰ ’ਚ ਕੰਮ ਕਰਦੇ ਸਨ ਅਤੇ ਇੱਥੇ ਮਾਨਸੀ ਨੇ ਇਸ ਖੇਡ ਦੀਆਂ ਬਾਰੀਕੀਆਂ ਸਿੱਖਣੀਆਂ ਸ਼ੁਰੂ ਕੀਤੀਆਂ। ਮਾਨਸੀ ਦੇ ਖੇਡ ’ਚ ਨਿਖਾਰ ਆਉਣ ਲੱਗਾ ਸਕੂਲ ਤੇ ਜ਼ਿਲਾ ਪੱਧਰ ’ਤੇ ਉਸ ਨੇ ਖਿਤਾਬ ਜਿੱਤਣੇ ਸ਼ੁਰੂ ਕਰ ਦਿੱਤੇ ਪਰ 2011 ’ਚ ਉਨ੍ਹਾਂ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਗਈ। ਇਕ ਸੜਕ ਹਾਦਸੇ ਕਾਰਨ ਉਹ ਕਰੀਬ 2 ਮਹੀਨਿਆਂ ਤੱਕ ਹਸਪਤਾਲ ’ਚ ਰਹੀ।
ਪਾਰੂਲ ਪਰਮਾਰ ਨੂੰ ਹਰਾ ਕੇ ਜਿੱਤਿਆ ਗੋਲਡ ਮੈਡਲ
ਪੜ੍ਹਾਈ ਤੋਂ ਇਲੈਕਟ੍ਰਾਨਿਕ ਇੰਜੀਨੀਅਰ 30 ਸਾਲਾ ਮਾਨਸੀ ਨੇ ਹਾਰ ਨਹੀਂ ਮੰਨੀ ਅਤੇ 8 ਸਾਲ ਬਾਅਦ ਉਨ੍ਹਾਂ ਨੇ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ, ਬਾਸੇਲ ਸਵਿਟਜ਼ਰਲੈਂਡ ’ਚ ਗੋਲਡ ਮੈਡਲ ਜਿੱਤਿਆ। ਐਤਵਾਰ ਨੂੰ ਪੀ.ਵੀ. ਸਿੰਧੂ ਦੇ ਮੈਡਲ ਜਿੱਤਣ ਤੋਂ ਕੁਝ ਘੰਟੇ ਪਹਿਲਾਂ ਮਾਨਸੀ ਮੈਡਲ ਜਿੱਤ ਚੁਕੀ ਸੀ। ਫਾਈਨਲ ’ਚ ਉਸ ਦੇ ਸਾਹਮਣੇ ਉਸ ਦੇ ਰਾਜ ਦੀ ਪਾਰੂਲ ਪਰਮਾਰ ਸੀ। ਪਾਰੂਲ ਡਿਫੈਂਡਿੰਗ ਚੈਂਪੀਅਨ ਸੀ। ਮਾਨਸੀ ਨੇ ਮਹਿਲਾ ਏਕਲ ਐੱਸ.ਐੱਲ.3 ਦੇ ਫਾਈਨਲ ’ਚ ਜਿੱਤ ਹਾਸਲ ਕੀਤੀ। ਇਸ ਕੈਟੇਗਰੀ ’ਚ ਉਹ ਖਿਡਾਰੀ ਸ਼ਾਮਲ ਹੁੰਦੇ ਹਨ, ਜਿਨ੍ਹਾਂ ਦੇ ਇਕ ਜਾਂ 2 ਲੋਅਰ ਲਿੰਬਸ ਕੰਮ ਨਹੀਂ ਕਰਦੇ ਅਤੇ ਜਿਨ੍ਹਾਂ ਨੂੰ ਤੁਰਨ ਅਤੇ ਦੌੜਦੇ ਸਮੇਂ ਸੰਤੁਲਨ ਬਣਾਉਣ ’ਚ ਪਰੇਸ਼ਾਨੀ ਹੁੰਦੀ ਹੈ।
ਮਾਨਸੀ ਨੇ ਫੇਸਬੁੱਕ ਪੇਜ਼ ਕੀਤੀ ਖੁਸ਼ੀ ਜ਼ਾਹਰ
ਜਿੱਤ ਤੋਂ ਬਾਅਦ ਮਾਨਸੀ ਨੇ ਆਪਣੇ ਫੇਸਬੁੱਕ ਪੇਜ਼ ’ਤੇ ਖੁਸ਼ੀ ਜ਼ਾਹਰ ਕੀਤੀ। ਉਸ ਨੇ ਲਿਖਿਆ,‘‘ਮੈਂ ਇਸ ਲਈ ਸਖਤ ਮਿਹਨਤ ਕੀਤੀ ਹੈ ਅਤੇ ਮੈਂ ਬਹੁਤ ਖੁਸ਼ ਹਾਂ ਕਿ ਇਸ ਲਈ ਵਹਾਇਆ ਗਿਆ ਪਸੀਨਾ ਅਤੇ ਮਿਹਨਤ ਰੰਗ ਲਿਆਈ ਹੈ। ਇਹ ਵਰਲਡ ਚੈਂਪੀਅਨਸ਼ਿਪ ’ਚ ਪਹਿਲਾ ਗੋਲਡ ਮੈਡਲ ਹੈ।’’ ਮਾਨਸੀ ਨੇ ਇਸ ਲਈ ਗੋਪੀਚੰਦ ਅਕੈਡਮੀ ਦੇ ਆਪਣੇ ਕੋਚਿੰਗ ਸਟਾਫ਼ ਦਾ ਵੀ ਸ਼ੁਕਰੀਆ ਅਦਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਗੋਪੀਚੰਦ ਦਾ ਵੀ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਨੇ ਲਿਖਿਆ,‘‘ਗੋਪੀ ਸਰ ਮੇਰੇ ਹਰ ਮੈਚ ਲਈ ਮੌਜੂਦ ਰਹਿਣ ਲਈ ਬਹੁਤ-ਬਹੁਤ ਸ਼ਕਰੀਆ।’’
ਹਾਦਸੇ ’ਚ ਗਵਾਈ ਖੱਬੀ ਲੱਤ
ਹਾਦਸੇ ਨੇ ਮਾਨਸੀ ਦੇ ਸਰੀਰ ਨੂੰ ਸੱਟ ਪਹੁੰਚਾਈ ਪਰ ਉਨ੍ਹਾਂ ਦੇ ਹੌਂਸਲੇ ਨਹੀਂ ਕੁਚਲ ਸਕਿਆ। ਟਰੱਕ ਨਾਲ ਲੱਗੀ ਉਸ ਸੱਟ ਲਈ ਮਾਨਸੀ ਨੂੰ ਆਪਣੀ ਖੱਬੀ ਲੱਤ ਗਵਾਉਣੀ ਪਈ ਪਰ ਨਕਲੀ ਲੱਤ ਰਾਹੀਂ ਉਹ ਫਿਰ ਖੜ੍ਹੀ ਹੋਈ ਅਤੇ ਖੇਡਣਾ ਸ਼ੁਰੂ ਕੀਤਾ। ਉਸ ਦੀਆਂ ਅੱਖਾਂ ’ਚ ਬੈਡਮਿੰਟਨ ਦਾ ਸੁਪਨਾ ਸੀ। ਉਹ ਹੈਦਰਾਬਾਦ ਦੇ ਪੁਲੇਲਾ ਗੋਪੀਚੰਦ ਅਕੈਡਮੀ ’ਚ ਪਹੁੰਚੀ। 2017 ’ਚ ਸਾਊਥ ਕੋਰੀਆ ’ਚ ਹੋਈ ਵਰਲਡ ਚੈਂਪੀਅਨਸ਼ਿਪ ’ਚ ਉਸ ਨੇ ਸਿਲਵਰ ਮੈਡਲ ਜਿੱਤਿਆ। ਇਸ ਤੋਂ ਪਹਿਲਾਂ 2015 ’ਚ ਉਸ ਨੇ ਪੈਰਾ ਵਰਲਡ ਚੈਂਪੀਅਨਸ਼ਿਪ ’ਚ ਮਿਕਸਡ ਡਬਲਜ਼ ’ਚ ਸਿਲਵਰ ਮੈਡਲ ਜਿੱਤਿਆ ਸੀ। ਫਿਰ ਉਸ ਦੀਆਂ ਅੱਖਾਂ ’ਚ ਗੋਲਡ ਮੈਡਲ ਜਿੱਤਣ ਦਾ ਸੁਪਨਾ ਪਲਣ ਲਗਾ। ਉਸ ਨੇ ਉਸ ਦੀ ਤਿਆਰੀ ਕੀਤੀ ਅਤੇ ਫਿਰ 25 ਅਗਸਤ ਨੂੰ ਉਸ ਨੂੰ ਹਾਸਲ ਕੀਤਾ।
ਕਿਰਨ ਬੇਦੀ ਨੇ ਵੀ ਦਿੱਤੀ ਵਧਾਈ
ਮਾਨਸੀ ਦੀ ਸਫ਼ਲਤਾ ’ਤੇ ਹੋਰ ਕੋਈ ਹੁਣ ਸੋਸ਼ਲ ਮੀਡੀਆ ’ਤੇ ਵਧਾਈ ਦੇ ਰਿਹਾ ਹੈ। ਸਾਬਕਾ ਆਈ.ਪੀ.ਐੱਸ. ਅਫ਼ਸਰ ਅਤੇ ਪੁਡੂਚੇਰੀ ਦੀ ਗਵਰਨਰ ਕਿਰਨ ਬੇਦੀ ਨੇ ਮਾਨਸੀ ਨੂੰ ਟਵਿੱਟਰ ’ਤੇ ਵਧਾਈ ਦਿੰਦੇ ਹੋਏ ਲਿਖਿਆ ਕਿ ਪੀ.ਵੀ. ਸਿੰਧੂ ਦੇ ਗੋਲਡ ਮੈਡਲ ਦੇ ਜਸ਼ਨ ’ਚ ਅਸੀਂ ਮਾਨਸੀ ਦੀ ਕਾਮਯਾਬੀ ’ਤੇ ਉਨ੍ਹਾਂ ਨੂੰ ਵਧਾਈ ਦੇਣਾ ਭੁੱਲ ਗਏ।