ਪੁਤਿਨ ਨੇ PM ਮੋਦੀ ਦੀ ਸੁਤੰਤਰ ਵਿਦੇਸ਼ ਨੀਤੀ ਦੀ ਕੀਤੀ ਤਾਰੀਫ਼, ਕਿਹਾ-'ਭਵਿੱਖ ਭਾਰਤ ਦਾ ਹੈ'

Friday, Oct 28, 2022 - 10:47 AM (IST)

ਪੁਤਿਨ ਨੇ PM ਮੋਦੀ ਦੀ ਸੁਤੰਤਰ ਵਿਦੇਸ਼ ਨੀਤੀ ਦੀ ਕੀਤੀ ਤਾਰੀਫ਼, ਕਿਹਾ-'ਭਵਿੱਖ ਭਾਰਤ ਦਾ ਹੈ'

ਮਾਸਕੋ (ਏ.ਐੱਨ.ਆਈ.): ਭਾਰਤ ਦੀ ਵਿਦੇਸ਼ ਨੀਤੀ ਦੀ ਚਰਚਾ ਦੁਨੀਆ ਭਰ ਵਿੱਚ ਹੈ। ਹੁਣ ਪੁਤਿਨ ਵੀ ਭਾਰਤ ਦੀ ਵਿਦੇਸ਼ ਨੀਤੀ ਦੀ ਤਾਰੀਫ਼ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕੇ। ਵੀਰਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲੀਦੀਮੀਰ ਪੁਤਿਨ ਨੇ ਪੀ.ਐੱਮ. ਨਰਿੰਦਰ ਮੋਦੀ ਦੀ ਤਾਰੀਫ਼ ਕੀਤੀ ਅਤੇ ਉਨ੍ਹਾਂ ਨੂੰ ਸੱਚਾ ਦੇਸ਼ ਭਗਤ ਕਿਹਾ। ਪੁਤਿਨ ਨੇ ਕਿਹਾ ਕਿ ਪੀ.ਐੱਮ. ਮੋਦੀ ਉਨ੍ਹਾਂ ਲੋਕਾਂ ਵਿੱਚੋਂ ਇੱਕ ਹਨ, ਜਿਨ੍ਹਾਂ ਕੋਲ ਆਪਣੇ ਦੇਸ਼ ਦੇ ਹਿੱਤ ਲਈ ਇੱਕ ਸੁਤੰਤਰ ਵਿਦੇਸ਼ ਨੀਤੀ ਚੁਣਨ ਦੀ ਸ਼ਕਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਰੂਸ ਵਿਚਾਲੇ ਦਹਾਕਿਆਂ ਦੌਰਾਨ ਵਿਸ਼ੇਸ਼ ਸਬੰਧ ਵਿਕਸਿਤ ਹੋਏ ਹਨ। ਦੋਵਾਂ ਦੇਸ਼ਾਂ ਵਿਚਾਲੇ ਕੋਈ ਮੁੱਦਾ ਬਾਕੀ ਨਹੀਂ ਹੈ।

ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਇਹ ਗੱਲਾਂ ਮਾਸਕੋ ਵਿੱਚ ਵਾਲਦਾਈ ਡਿਸਕਸ਼ਨ ਕਲੱਬ ਦੀ 19ਵੀਂ ਸਾਲਾਨਾ ਮੀਟਿੰਗ ਵਿੱਚ ਕਹੀਆਂ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਨੇ ਬ੍ਰਿਟਿਸ਼ ਬਸਤੀ ਤੋਂ ਇੱਕ ਆਧੁਨਿਕ ਰਾਜ ਵਿੱਚ ਬਹੁਤ ਤਰੱਕੀ ਕੀਤੀ ਹੈ। ਇਸ ਨੇ ਅਜਿਹੇ ਵਿਕਾਸ ਕੀਤੇ ਹਨ ਜੋ ਭਾਰਤ ਲਈ ਸਤਿਕਾਰ ਅਤੇ ਪ੍ਰਸ਼ੰਸਾ ਦਾ ਕਾਰਨ ਬਣਦੇ ਹਨ। ਪੀ.ਐੱਮ. ਮੋਦੀ ਦੀ ਤਾਰੀਫ਼ ਕਰਦੇ ਹੋਏ ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਸਾਲਾਂ ਵਿੱਚ ਪੀ.ਐੱਮ. ਮੋਦੀ ਦੀ ਅਗਵਾਈ ਵਿੱਚ ਬਹੁਤ ਕੁਝ ਕੀਤਾ ਗਿਆ ਹੈ। ਸੁਭਾਵਿਕ ਹੀ ਉਹ ਦੇਸ਼ ਭਗਤ ਹੈ। 'ਮੇਕ ਇਨ ਇੰਡੀਆ' ਲਈ ਉਸਦਾ ਵਿਚਾਰ ਆਰਥਿਕ ਅਤੇ ਨੈਤਿਕ ਦੋਵੇਂ ਤੌਰ 'ਤੇ ਮਾਇਨੇ ਰੱਖਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਰੂਸ, ਨਾਟੋ ਨੇ ਕੀਤਾ ਪ੍ਰਮਾਣੂ ਅਭਿਆਸ, ਪੁਤਿਨ ਨੇ ਦੁਹਰਾਇਆ 'ਡਰਟੀ ਬੰਬ' ਦਾ ਦਾਅਵਾ

'ਭਵਿੱਖ ਭਾਰਤ ਦਾ ਹੈ'

ਪੁਤਿਨ ਨੇ ਅੱਗੇ ਕਿਹਾ ਕਿ ਭਵਿੱਖ ਭਾਰਤ ਦਾ ਹੈ। ਇਹ ਸਭ ਤੋਂ ਵੱਡਾ ਲੋਕਤੰਤਰ ਹੋਣ 'ਤੇ ਮਾਣ ਮਹਿਸੂਸ ਕਰ ਸਕਦਾ ਹੈ ਅਤੇ ਸਾਡਾ ਖਾਸ ਰਿਸ਼ਤਾ ਹੈ। ਸਾਡਾ ਗੂੜ੍ਹਾ ਰਿਸ਼ਤਾ ਹੈ। ਪੁਤਿਨ ਨੇ ਰੱਖਿਆ ਸਾਂਝੇਦਾਰੀ ਅਤੇ ਵਧਦੇ ਵਪਾਰਕ ਸਬੰਧਾਂ ਦਾ ਵੀ ਜ਼ਿਕਰ ਕੀਤਾ। ਪੁਤਿਨ ਨੇ ਕਿਹਾ ਕਿ ਸਾਡੇ ਵਿਚਕਾਰ ਵਪਾਰ ਵਿੱਚ ਬਹੁਤ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਭਾਰਤ ਲਈ ਖਾਦਾਂ ਦੀ ਸਪਲਾਈ ਵਧਾਉਣ ਲਈ ਕਿਹਾ ਅਤੇ ਇਹ 7.6 ਗੁਣਾ ਵਧ ਗਈ ਹੈ। ਖੇਤੀ ਨਾਲ ਸਬੰਧਤ ਵਪਾਰ ਲਗਭਗ ਦੁੱਗਣਾ ਹੋ ਗਿਆ ਹੈ।

ਭਾਰਤ ਦਬਾਅ ਵਿੱਚ ਨਹੀਂ ਆਇਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਪੁਤਿਨ ਵਿਚਾਲੇ ਸਮਰਕੰਦ 'ਚ ਐੱਸਸੀਓ ਸੰਮੇਲਨ ਦੌਰਾਨ ਮੁਲਾਕਾਤ ਹੋਈ ਸੀ। ਊਰਜਾ ਅਤੇ ਖਾਦ ਸਪਲਾਈ 'ਤੇ ਕੇਂਦਰਿਤ ਹੋਰ ਮੁੱਦੇ ਇੱਥੇ ਗੱਲਬਾਤ ਦਾ ਏਜੰਡਾ ਸਨ। ਪੁਤਿਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਲੋਕਾਂ 'ਚੋਂ ਇਕ ਹਨ, ਜੋ ਸੁਤੰਤਰ ਵਿਦੇਸ਼ ਨੀਤੀ ਚਲਾਉਣ ਦੇ ਸਮਰੱਥ ਹਨ। ਉਹ ਭਾਰਤੀ ਲੋਕਾਂ ਲਈ ਆਈਸਬ੍ਰੇਕਰ ਵਾਂਗ ਹੈ। ਭਾਰਤ ਕਿਸੇ ਦਬਾਅ ਵਿੱਚ ਨਹੀਂ ਆਇਆ। ਮੈਨੂੰ ਯਕੀਨ ਹੈ ਕਿ ਭਵਿੱਖ ਵਿੱਚ ਭਾਰਤ ਦੀ ਵੱਡੀ ਭੂਮਿਕਾ ਹੋਵੇਗੀ। ਮੀਟਿੰਗ ਵਿੱਚ,ਪੁਤਿਨ ਨੇ ਪੱਛਮੀ ਦੇਸ਼ਾਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਦੁਨੀਆ 'ਤੇ ਹਾਵੀ ਹੋਣ ਦੀ ਉਮੀਦ ਵਿੱਚ ਇੱਕ "ਖਤਰਨਾਕ ਅਤੇ ਖੂਨੀ ਖੇਡ" ਖੇਡ ਰਹੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News