ਹੁਣ ਪੰਜਾਬ ਦੀ ਕੁੜੀ ਨਾਲ ਗਲਤ ਰਵੱਈਏ ਦਾ ਦੋਸ਼, ਸੰਯੁਕਤ ਕਿਸਾਨ ਮੋਰਚਾ ਨੇ ਸ਼ੁਰੂ ਕੀਤੀ ਜਾਂਚ
Friday, Jun 11, 2021 - 03:35 PM (IST)
ਬਹਾਦਰਗੜ੍ਹ (ਝੱਜਰ)- ਕਿਸਾਨ ਅੰਦੋਲਨ 'ਚ ਟਿਕਰੀ ਬਾਰਡਰ 'ਤੇ ਬੰਗਾਲ ਦੀ ਕੁੜੀ ਨਾਲ ਸਮੂਹਿਕ ਜਬਰ ਜ਼ਨਾਹ ਦੇ ਮਾਮਲੇ ਤੋਂ ਬਾਅਦ ਇਕ ਹੋਰ ਕੁੜੀ ਨਾਲ ਗਲਤ ਰਵੱਈਏ ਅਤੇ ਉਸ ਨੂੰ ਤੰਗ ਕਰਨ ਦੇ ਦੋਸ਼ ਨੇ ਅੰਦੋਲਨਕਾਰੀ ਜਥੇਬੰਦੀਆਂ ਨੂੰ ਅਸਹਿਜ ਕਰ ਦਿੱਤਾ ਹੈ। ਕਈ ਦਿਨਾਂ ਤੋਂ ਚਰਚਾ 'ਚ ਚੱਲ ਰਹੇ ਇਸ ਮਾਮਲੇ ਨੂੰ ਲੈ ਕੇ ਹੁਣ ਟਿਕਰੀ ਬਾਰਡਰ 'ਤੇ ਧਰਨਾ ਦੇ ਰਹੇ ਇਕ ਸੰਗਠਨ ਵਲੋਂ ਸੰਯੁਕਤ ਕਿਸਾਨ ਮੋਰਚਾ ਨੂੰ ਈ-ਮੇਲ ਰਾਹੀਂ ਸੂਚਨਾ ਦਿੱਤੀ ਗਈ ਹੈ। ਇਸ 'ਤੇ ਸੰਯੁਕਤ ਕਿਸਾਨ ਮੋਰਚਾ ਨੇ ਆਪਣੇ ਪੱਧਰ 'ਤੇ ਜਾਂਚ ਸ਼ੁਰੂ ਕੀਤੀ ਹੈ।
ਜਿਸ ਸੰਸਥਾ ਨਾਲ ਜੁੜੇ 2 ਵਲੰਟੀਅਰ 'ਤੇ ਕੁੜੀ ਨਾਲ ਉਤਪੀੜਨ ਦਾ ਦੋਸ਼ ਹੈ, ਉਸ ਸੰਸਥਾ ਦੇ ਮੁਖੀ ਵਲੋਂ ਵੀ ਕਈ ਦਿਨ ਪਹਿਲਾਂ ਹੀ ਸੰਯੁਕਤ ਕਿਸਾਨ ਮੋਰਚਾ ਨੂੰ ਇਸ ਬਾਰੇ ਸੂਚਨਾ ਦੀ ਗੱਲ ਸਾਹਮਣੇ ਆਈ ਹੈ। ਹੁਣ ਇਹ ਮਾਮਲਾ ਹੋਰ ਗੰਭੀਰ ਦਿੱਸ ਰਿਹਾ ਹੈ ਤਾਂ ਹੋਰ ਅੰਦੋਲਨਕਾਰੀ ਸੰਗਠਨ ਵੀ ਇਸ 'ਚ ਜਾਂਚ ਦੀ ਪੈਰਵੀ ਕਰ ਰਹੇ ਹਨ। ਪੰਜਾਬ ਦੀ ਰਹਿਣ ਵਾਲੀ ਕੁੜੀ ਪਹਿਲਾਂ ਸਿੰਘੂ ਬਾਰਡਰ 'ਤੇ ਹੋਰ ਸੰਸਥਾਵਾਂ ਨਾਲ ਜੁੜੀ ਸੀ ਅਤੇ ਅੰਦੋਲਨ 'ਚ ਕੰਮ ਕਰ ਰਹੀ ਸੀ। ਬਾਅਦ 'ਚ ਉਹ ਟਿਕਰੀ ਬਾਰਡਰ 'ਤੇ ਆਈ। ਇੱਥੇ ਫਾਈਵ ਰਿਵਰਸ ਹਾਰਟ ਐਸੋਸੀਏਸ਼ਨ ਨਾਲ ਜੁੜੀ ਪਰ ਜਲਦ ਵਾਪਸ ਚੱਲੀ ਗਈ। ਬਾਅਦ 'ਚ ਕੁੜੀ ਨੇ ਇੰਸਟਾਗ੍ਰਾਮ 'ਤੇ 7 ਪੇਜ਼ਾਂ ਦਾ ਮੈਸੇਜ ਪਾਇਆ। ਇਸ 'ਚ ਉਸ ਨੇ ਖ਼ੁਦ ਨਾਲ ਸੰਬੰਧਤ ਐਸੋਸੀਏਸ਼ਨ ਦੇ 2 ਵਲੰਟੀਅਰ ਵਲੋਂ ਗਲਤ ਰਵੱਈਆ ਕਰਨ ਅਤੇ ਉਸ ਨੂੰ ਤੰਗ ਕਰਨ ਦਾ ਦੋਸ਼ ਲਗਾਇਆ ਪਰ ਪੁਲਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ। ਉਸ ਦਾ ਫ਼ੋਨ ਨੰਬਰ ਵੀ ਬੰਦ ਆ ਰਿਹਾ ਹੈ ਅਤੇ ਇੰਟਰਨੈੱਟ ਮੀਡੀਆ ਰਾਹੀਂ ਵੀ ਸੰਪਰਕ ਨਹੀਂ ਹੋ ਰਿਹਾ।