ਜਨਤਕ ਥਾਂ ’ਤੇ ਹੋਣ ਵਾਲੇ ਦੇਹ ਵਪਾਰ ਨੂੰ ਹੀ ਮੰਨਿਆ ਜਾ ਸਕਦਾ ਹੈ ਅਪਰਾਧ : ਅਦਾਲਤ
Wednesday, May 24, 2023 - 09:54 AM (IST)
ਮੁੰਬਈ (ਭਾਸ਼ਾ)- ਇਕ ਸਥਾਨਕ ਸੈਸ਼ਨ ਕੋਰਟ ਨੇ ਇਕ ਮੈਜਿਸਟ੍ਰੇਟ ਦੇ ਹੁਕਮ ਨੂੰ ਰੱਦ ਕਰਦਿਆਂ ਇਕ ਸ਼ੈਲਟਰ ਹੋਮ ਨੂੰ ਉਸ 34 ਸਾਲਾ ਔਰਤ ਨੂੰ ਰਿਹਾਅ ਕਰਨ ਦਾ ਨਿਰਦੇਸ਼ ਦਿੱਤਾ ਹੈ ਜਿਸ ਨੂੰ ਦੇਹ ਵਪਾਰ ਦੇ ਦੋਸ਼ਾਂ ਹੇਠ ਉੱਥੇ ਰੱਖਿਆ ਗਿਆ ਸੀ। ਅਦਾਲਤ ਨੇ ਕਿਹਾ ਕਿ ਸੈਕਸ ਜਾਂ ਦੇਹ ਵਪਾਰ ਨੂੰ ਉਦੋਂ ਹੀ ਅਪਰਾਧ ਮੰਨਿਆ ਜਾ ਸਕਦਾ ਹੈ ਜਦੋਂ ਇਹ ਕਿਸੇ ਜਨਤਕ ਥਾਂ ’ਤੇ ਕੀਤਾ ਜਾਂਦਾ ਹੈ ਅਤੇ ਦੂਜਿਆਂ ਦੀ ਪਰੇਸ਼ਾਨੀ ਦਾ ਕਾਰਨ ਬਣਦਾ ਹੈ।
ਮੈਜਿਸਟ੍ਰੇਟ ਦੀ ਅਦਾਲਤ ਨੇ ਇਸ ਸਾਲ 15 ਮਾਰਚ ਨੂੰ ਔਰਤ ਨੂੰ ਦੇਖਭਾਲ, ਸੁਰੱਖਿਆ ਅਤੇ ਆਸਰਾ ਦੇ ਨਾਂ ’ਤੇ ਇਕ ਸਾਲ ਲਈ ਮੁੰਬਈ ਦੇ ਸ਼ੈਲਟਰ ਹੋਮ ’ਚ ਰੱਖਣ ਦਾ ਨਿਰਦੇਸ਼ ਦਿੱਤਾ ਸੀ। ਇਸ ਤੋਂ ਬਾਅਦ ਮਹਿਲਾ ਨੇ ਸੈਸ਼ਨ ਕੋਰਟ ਦਾ ਰੁਖ ਕੀਤਾ ਸੀ। ਵਧੀਕ ਸੈਸ਼ਨ ਜੱਜ ਸੀ.ਵੀ. ਪਾਟਿਲ ਨੇ ਮੈਜਿਸਟ੍ਰੇਟ ਅਦਾਲਤ ਦੇ ਪਿਛਲੇ ਮਹੀਨੇ ਦੇ ਹੁਕਮ ਨੂੰ ਰੱਦ ਕਰ ਦਿੱਤਾ। ਇਸ ਸਬੰਧੀ ਇਕ ਵਿਸਤ੍ਰਿਤ ਹੁਕਮ ਹਾਲ ਹੀ ਵਿਚ ਜਾਰੀ ਕੀਤਾ ਗਿਆ ਸੀ। ਉਪਨਗਰ ਮੁਲੁੰਡ ਵਿਚ ਇਕ ਵੇਸਵਾਘਰ 'ਤੇ ਛਾਪੇਮਾਰੀ ਤੋਂ ਬਾਅਦ ਫਰਵਰੀ ਵਿਚ ਔਰਤ ਨੂੰ ਹਿਰਾਸਤ 'ਚ ਲਿਆ ਗਿਆ ਸੀ। ਸੈਸ਼ਨ ਕੋਰਟ ਨੇ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਔਰਤ ਦੇ ਦੋ ਬੱਚੇ ਹਨ । ਉਨ੍ਹਾਂ ਨੂੰ ਆਪਣੀ ਮਾਂ ਦੀ ਲੋੜ ਹੈ। ਜੇ ਔਰਤ ਨੂੰ ਉਸ ਦੀ ਮਰਜ਼ੀ ਵਿਰੁੱਧ ਹਿਰਾਸਤ ਵਿਚ ਰੱਖਿਆ ਜਾਂਦਾ ਹੈ ਤਾਂ ਇਹ ਪੂਰੇ ਭਾਰਤ ਵਿਚ ਆਜ਼ਾਦ ਘੁੰਮਣ ਦੇ ਉਸ ਦੇ ਅਧਿਕਾਰ ਦੀ ਉਲੰਘਣਾ ਹੋਵੇਗੀ। ਸੀ.ਬੀ.ਆਈ. ਦੇ 15 ਮਾਰਚ ਦੇ ਹੁਕਮ ਨੂੰ ਰੱਦ ਕਰਨ ਅਤੇ ਔਰਤ ਨੂੰ ਰਿਹਾਅ ਕਰਨ ਦੀ ਲੋੜ ਹੈ।