ਪੈਗੰਬਰ ਵਿਵਾਦ ਮਾਮਲਾ: ਅਰਬ ਦੇਸ਼ਾਂ ਨੇ ਸੁਪਰ ਸਟੋਰਾਂ ’ਚ ਭਾਰਤੀ ਉਤਪਾਦ ’ਤੇ ਲਾਈ ਪਾਬੰਦੀ
Tuesday, Jun 07, 2022 - 10:21 AM (IST)
ਨਵੀਂ ਦਿੱਲੀ- ਭਾਜਪਾ ਨੇਤਾਵਾਂ ਨੂਪੁਰ ਸ਼ਰਮਾ ਅਤੇ ਨਵੀਨ ਜਿੰਦਲ ਦੇ ਪੈਗੰਬਰ ਮੁਹੰਮਦ ’ਤੇ ਕੀਤੀ ਇਤਰਾਜ਼ਯੋਗ ਟਿੱਪਣੀ ’ਤੇ ਖਾੜੀ ਦੇਸ਼ਾਂ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਕਤਰ, ਕੁਵੈਤ ਅਤੇ ਈਰਾਨ ਨੇ ਭਾਰਤੀ ਰਾਜਦੂਤਾਂ ਨੂੰ ਤਲਬ ਕਰ ਕੇ ਆਪਣਾ ਵਿਰੋਧ ਪ੍ਰਗਟਾਇਆ ਹੈ। ਕਤਰ-ਕੁਵੈਤ ਨੇ ਇਸ ਬਿਆਨ ’ਤੇ ਭਾਰਤ ਸਰਕਾਰ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ ਹੈ। ਉੱਥੇ ਹੀ ਸਾਊਦੀ ਅਰਬ ਨੇ ਵੀ ਇਸ ਬਿਆਨ ’ਤੇ ਇਤਰਾਜ਼ ਜਤਾਇਆ ਹੈ। ਇਸ ਤੋਂ ਇਲਾਵਾ ਸਾਊਦੀ ਅਰਬ, ਕੁਵੈਤ, ਬਹਿਰੀਨ ਅਤੇ ਹੋਰ ਅਰਬ ਦੇਸ਼ਾਂ ਨੇ ਆਪਣੇ ਸੁਪਰ ਸਟੋਰਾਂ ’ਚ ਭਾਰਤੀ ਉਤਪਾਦ ’ਤੇ ਪਾਬੰਦੀ ਲਾ ਦਿੱਤੀ ਹੈ। ਮਾਲਦੀਵ ’ਚ ਇਸ ਮੁੱਦੇ ਨੂੰ ਲੈ ਕੇ ਹੰਗਾਮਾ ਹੋ ਗਿਆ ਹੈ।
ਇਹ ਵੀ ਪੜ੍ਹੋ- BJP ਨੇਤਾ ਨੇ ਪੈਗੰਬਰ ਮੁਹੰਮਦ ਖ਼ਿਲਾਫ਼ ਕੀਤੀਆਂ ਵਿਵਾਦਿਤ ਟਿੱਪਣੀਆਂ, ਸਾਊਦੀ ਅਰਬ ਸਮੇਤ ਇਨ੍ਹਾਂ ਦੇਸ਼ਾਂ ਨੇ ਕੀਤੀ ਨਿੰਦਾ
ਅਫਗਾਨਿਸਤਾਨ ਦੇ ਤਾਲਿਬਾਨ ਨੇ ਵੀ ਨੂਪੁਰ ਸ਼ਰਮਾ ਦੀ ਟਿੱਪਣੀ ’ਤੇ ਭਾਰਤ ਸਰਕਾਰ ਦਾ ਵਿਰੋਧ ਜਤਾਇਆ ਹੈ। ਪਾਕਿਸਤਾਨ ਸਥਿਤ ਭਾਰਤੀ ਦੂਤਘਰ ਦੇ ਅਧਿਕਾਰੀ ਨੂੰ ਤਲਬ ਕਰ ਕੇ ਨੂਪੁਰ ਸ਼ਰਮਾ ਦੀ ਟਿੱਪਣੀ ’ਤੇ ਨਾਰਾਜ਼ਗੀ ਪ੍ਰਗਟਾਈ। 57 ਮੁਸਲਿਮ ਦੇਸ਼ਾਂ ਦੇ ਇਸਲਾਮਿਕ ਸਹਿਯੋਗ ਸੰਗਠਨ (OIC) ਨੇ ਵੀ ਇਸ ਦੀ ਨਿੰਦਾ ਕੀਤੀ ਹੈ। ਸੰਗਠਨ ਨੇ ਸੋਸ਼ਲ ਮੀਡੀਆ ’ਤੇ ਪੋਸਟ ਕਰਦੇ ਹੋਏ ਕਿਹਾ ਕਿ ਬੀਤੇ ਦਿਨੀਂ ਭਾਰਤ ’ਚ ਮੁਸਲਮਾਨਾਂ ਖ਼ਿਲਾਫ ਹਿੰਸਾ ਦੇ ਮਾਮਲੇ ਵਧੇ ਹਨ। ਕਈ ਸੂਬਿਆਂ ’ਚ ਵਿੱਦਿਅਕ ਅਦਾਰਿਆਂ ’ਚ ਮੁਸਲਿਮ ਵਿਦਿਆਰਥਣਾਂ ਦੇ ਹਿਜਾਬ ’ਤੇ ਪਾਬੰਦੀ ਦੇ ਨਾਲ ਮੁਸਲਮਾਨਾਂ ’ਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਇਸ ਦੌਰਾਨ ਦਿੱਲੀ ਪੁਲਸ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਾਬਕਾ ਬੁਲਾਰਾ ਨੂਪੁਰ ਸ਼ਰਮਾ ਨੂੰ ਪੈਗੰਬਰ ਮੁਹੰਮਦ ਵਿਰੁੱਧ ਉਸ ਦੀਆਂ ਵਿਵਾਦਪੂਰਨ ਟਿੱਪਣੀਆਂ ਲਈ ਧਮਕੀਆਂ ਮਿਲਣ ਦੀ ਸ਼ਿਕਾਇਤ ’ਤੇ ਐੱਫ. ਆਈ. ਆਰ. ਦਰਜ ਕੀਤੀ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ- ਉੱਤਰਾਖੰਡ ਬੱਸ ਹਾਦਸਾ: 26 ਤੀਰਥ ਯਾਤਰੀਆਂ ਦੀ ਮੌਤ ’ਤੇ PM ਮੋਦੀ ਨੇ ਜਤਾਇਆ ਦੁੱਖ, ਮੁਆਵਜ਼ੇ ਦਾ ਕੀਤਾ ਐਲਾਨ
ਕੀ ਹੈ ਪੂਰਾ ਮਾਮਲਾ-
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਭਾਜਪਾ ਦੀ ਬੁਲਾਰਾ ਨੂਪੁਰ ਸ਼ਰਮਾ ਨੇ ਇਕ ਟੀ. ਵੀ. ਸ਼ੋਅ ’ਚ ਪੈਗੰਬਰ ਮੁਹੰਮਦ ਖ਼ਿਲਾਫ ਵਿਵਾਦਿਤ ਟਿੱਪਣੀ ਕੀਤੀ ਸੀ। ਉਸ ਤੋਂ ਬਾਅਦ ਇਸ ਟਿੱਪਣੀ ਦੀ ਕਾਫੀ ਆਲੋਚਨਾ ਹੋਈ, ਜਿਸ ਤੋਂ ਬਾਅਦ ਭਾਜਪਾ ਨੇ ਬਿਆਨ ਜਾਰੀ ਕਰ ਕੇ ਸਫ਼ਾਈ ਵੀ ਦਿੱਤੀ ਸੀ ਪਰ ਇਸ ਦੇ ਕੁਝ ਦੇਰ ਬਾਅਦ ਖ਼ਬਰ ਆਈ ਕਿ ਭਾਜਪਾ ਨੇ ਨੂਪੁਰ ਸ਼ਰਮਾ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ। ਉੱਥੇ ਹੀ ਦਿੱਲੀ ਭਾਜਪਾ ਦੇ ਮੀਡੀਆ ਮੁਖੀ ਨਵੀਨ ਜਿੰਦਲ ਨੇ ਵੀ ਇਕ ਜੂਨ ਨੂੰ ਕੁਝ ਵਿਵਾਦਿਤ ਟਿੱਪਣੀ ਕੀਤੀ ਸੀ। ਇਸ ਤੋਂ ਬਾਅਦ ਜਿੰਦਲ ’ਤੇ ਵੀ ਗਾਜ਼ ਡਿੱਗੀ। ਭਾਜਪਾ ਨੇ ਜਿੰਦਲ ਨੂੰ ਵੀ ਪਾਰਟੀ ਤੋਂ ਕੱਢ ਦਿੱਤਾ। ਨੂਪੁਰ ਅਤੇ ਜਿੰਦਲ ਦੋਹਾਂ ’ਤੇ ਇਕ ਹੀ ਕਾਰਵਾਈ ਹੋਈ।
ਇਹ ਵੀ ਪੜ੍ਹੋ- ‘ਆਪ’ ਆਗੂ ਸੰਜੇ ਸਿੰਘ ਦੇ ਵਿਗੜੇ ਬੋਲ, ਕਿਹਾ- PM ਮੋਦੀ ਕਾਰਨ ਭਾਰਤ ਨੂੰ ਦੁਨੀਆ ’ਚ ਸ਼ਰਮਿੰਦਾ ਹੋਣਾ ਪਿਆ