ਪ੍ਰੋਫੈਸਰ ਨੇ ਵਿਦਿਆਰਥੀ ਦੀ ਅੱਤਵਾਦੀ ਨਾਲ ਕੀਤੀ ਤੁਲਨਾ, ਕਾਲਜ ਨੇ ਕੀਤਾ ਮੁਅੱਤਲ

Tuesday, Nov 29, 2022 - 12:33 AM (IST)

ਨੈਸ਼ਨਲ ਡੈਸਕ (ਬਿਊਰੋ) : ਕਰਨਾਟਕ ’ਚ ਇਕ ਕਾਲਜ ਦੇ ਪ੍ਰੋਫ਼ੈਸਰ ਨੂੰ ਮੁਸਲਿਮ ਵਿਦਿਆਰਥੀ ਦੀ ਤੁਲਨਾ ਅੱਤਵਾਦੀ ਨਾਲ ਕਰਨ ਦੇ ਦੋਸ਼ ’ਚ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਘਟਨਾ ਸ਼ੁੱਕਰਵਾਰ (25 ਨਵੰਬਰ) ਨੂੰ ਉਡੁਪੀ ਦੇ ਮਣੀਪਾਲ ਇੰਸਟੀਚਿਊਟ ਆਫ ਟੈਕਨਾਲੋਜੀ ’ਚ ਵਾਪਰੀ ਸੀ। ਪ੍ਰੋਫੈਸਰ ਨੇ ਮੁਸਲਿਮ ਵਿਦਿਆਰਥੀ ਨੂੰ ਅੱਤਵਾਦੀ ਕਹਿ ਕੇ ਸੰਬੋਧਨ ਕੀਤਾ। ਇਸ ਘਟਨਾ ਦਾ ਵੀਡੀਓ ਵਾਇਰਲ ਹੋ ਗਿਆ ਹੈ। ਪ੍ਰੋਫੈਸਰ ਨੂੰ ਕਿਹਾ ਗਿਆ ਹੈ ਕਿ ਜਦੋਂ ਤੱਕ ਜਾਂਚ ਪੂਰੀ ਨਹੀਂ ਹੋ ਜਾਂਦੀ, ਉਹ ਕਲਾਸਾਂ ਨਹੀਂ ਲੈ ਸਕਦਾ। ਇਸ ਦੇ ਨਾਲ ਹੀ ਵਿਦਿਆਰਥੀ ਦੀ ਕਾਊਂਸਲਿੰਗ ਵੀ ਕੀਤੀ ਗਈ ਹੈ। ਵਿਦਿਆਰਥੀ ਨੇ ਵੀ ਪ੍ਰੋਫ਼ੈਸਰ ਖ਼ਿਲਾਫ਼ ਕੋਈ ਸ਼ਿਕਾਇਤ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਯੂਨੀਵਰਸਿਟੀ ਨੇ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਹਨ। ਕਥਿਤ ਤੌਰ ’ਤੇ ਪ੍ਰੋਫੈਸਰ ਨੇ ਵਿਦਿਆਰਥੀ ਤੋਂ ਉਸ ਦਾ ਨਾਂ ਪੁੱਛਿਆ ਸੀ ਅਤੇ ਇਕ ਮੁਸਲਿਮ ਨਾਂ ਸੁਣ ਕੇ ਕਿਹਾ ਕਿ, ‘‘ਓਹ, ਤੁਸੀਂ ਕਸਾਬ ਵਰਗੇ ਹੋ।’’ 26/11 ਦੇ ਮੁੰਬਈ ਹਮਲਿਆਂ ਤੋਂ ਬਾਅਦ ਜ਼ਿੰਦਾ ਫੜੇ ਗਏ ਇਕੋ ਇਕ ਪਾਕਿਸਤਾਨੀ ਅੱਤਵਾਦੀ ਅਜਮਲ ਕਸਾਬ ਨੂੰ 2012 ’ਚ ਫਾਂਸੀ ਦਿੱਤੀ ਗਈ ਸੀ।

ਇਹ ਖ਼ਬਰ ਵੀ ਪੜ੍ਹੋ : ਆਧਾਰ ਕਾਰਡ ਸਬੰਧੀ ਨਵੇਂ ਨਿਯਮ ਜਾਰੀ, ਜੇਲ੍ਹਾਂ ’ਚ ਬੰਦ ਗੈਂਗਸਟਰਾਂ-ਤਸਕਰਾਂ ਬਾਰੇ ਲਿਆ ਵੱਡਾ ਫ਼ੈਸਲਾ, ਪੜ੍ਹੋ Top 10

PunjabKesari

ਵਾਇਰਲ ਵੀਡੀਓ ’ਚ ਵਿਦਿਆਰਥੀ ਨੂੰ ਪ੍ਰੋਫ਼ੈਸਰ ਨਾਲ ਭਿੜਦਿਆਂ ਅਤੇ ਇਕ ਅੱਤਵਾਦੀ ਨਾਲ ਤੁਲਨਾ ਕਰਕੇ ਆਪਣੇ ਧਰਮ ਨੂੰ ਬਦਨਾਮ ਕਰਨ ਦਾ ਦੋਸ਼ ਲਾਉਂਦਿਆਂ ਸੁਣਿਆ ਜਾ ਸਕਦਾ ਹੈ। ਵੀਡੀਓ ’ਚ ਵਿਦਿਆਰਥੀ ਕਹਿ ਰਿਹਾ ਹੈ ਕਿ, ‘‘26/11 ਮਜ਼ਾਕੀਆ ਨਹੀਂ ਸੀ। ਇਸ ਦੇਸ਼ ’ਚ ਮੁਸਲਮਾਨ ਹੋਣ ਕਰਕੇ ਹਰ ਰੋਜ਼ ਇਸ ਸਭ ਦਾ ਸਾਹਮਣਾ ਕਰਨਾ ਮਜ਼ੇਦਾਰ ਨਹੀਂ ਹੈ, ਸਰ। ਤੁਸੀਂ ਮੇਰੇ ਧਰਮ ਬਾਰੇ ਮਜ਼ਾਕ ਨਹੀਂ ਕਰ ਸਕਦੇ, ਉਹ ਵੀ ਅਜਿਹੇ ਅਪਮਾਨਜਨਕ ਤਰੀਕੇ ਨਾਲ। ਇਹ ਸਹੀ ਨਹੀਂ ਹੈ।" ਪ੍ਰੋਫੈਸਰ ਨੇ ਵਿਦਿਆਰਥੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦਿਆਂ ਕਿਹਾ, ‘‘ਤੁਸੀਂ ਬਿਲਕੁਲ ਮੇਰੇ ਪੁੱਤਰ ਵਾਂਗ ਹੋ।’’ ਇਸ ’ਤੇ ਵਿਦਿਆਰਥੀ ਨੇ ਕਿਹਾ, ‘‘ਕੀ ਤੁਸੀਂ ਆਪਣੇ ਪੁੱਤਰ ਨਾਲ ਇਸ ਤਰ੍ਹਾਂ ਗੱਲ ਕਰੋਗੇ? ਕੀ ਤੁਸੀਂ ਉਸ ਨੂੰ ਅੱਤਵਾਦੀ ਕਹੋਗੇ?" ਪ੍ਰੋਫੈਸਰ ਨੇ ‘ਨਹੀਂ’ ਕਿਹਾ ਅਤੇ ਵਿਦਿਆਰਥੀ ਨੇ ਅੱਗੇ ਕਿਹਾ, ‘‘ਫਿਰ ਤੁਸੀਂ ਇੰਨੇ ਲੋਕਾਂ ਦੇ ਸਾਹਮਣੇ ਮੈਨੂੰ ਇਹ ਕਿਵੇਂ ਕਹਿ ਸਕਦੇ ਹੋ? ਤੁਸੀਂ ਇਕ ਪੇਸ਼ੇਵਰ ਹੋ, ਤੁਸੀਂ ਪੜ੍ਹਾ ਰਹੇ ਹੋ। ਇਕ ਅਫਸੋਸ ਤੁਹਾਡੇ ਸੋਚਣ ਦਾ ਤਰੀਕਾ ਨਹੀਂ ਬਦਲ ਸਕਦਾ।’’ ਇਸ ਵੀਡੀਓ ’ਚ ਅਧਿਆਪਕ ਨੂੰ ਮੁਆਫੀ ਮੰਗਦੇ ਸੁਣਿਆ ਗਿਆ। ਇਸ ਦੌਰਾਨ ਹੋਰ ਵਿਦਿਆਰਥੀ ਚੁੱਪਚਾਪ ਇਹ ਸਭ ਦੇਖਦੇ ਰਹੇ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸੰਸਥਾ ਨੇ ਅਧਿਆਪਕ ਨੂੰ ਮੁਅੱਤਲ ਕਰ ਕੇ ਜਾਂਚ ਦੇ ਹੁਕਮ ਦਿੱਤੇ ਹਨ। ਸੰਸਥਾ ਨੇ ਦੱਸਿਆ ਕਿ ਵਿਦਿਆਰਥੀ ਦੀ ਕਾਊਂਸਲਿੰਗ ਕੀਤੀ ਗਈ।

ਇਹ ਖ਼ਬਰ ਵੀ ਪੜ੍ਹੋ : ਪੈਰਾ-ਓਲੰਪੀਅਨਜ਼ ਨਾਲ ਰਵੱਈਏ ਨੂੰ ਲੈ ਕੇ ਅਕਾਲੀ ਦਲ ਨੇ ਘੇਰੇ CM ਮਾਨ


Manoj

Content Editor

Related News