ਆਫ ਦਿ ਰਿਕਾਰਡ: ਕਾਰਤੀ ਨੇ ਲਿਖੀ ਚਿੱਠੀ, ਪ੍ਰਿਯੰਕਾ ਨੂੰ ਕੰਨਿਆਕੁਮਾਰੀ ਤੋਂ ਲੜਾਈ ਜਾਵੇ ਚੋਣ

Tuesday, Mar 09, 2021 - 10:49 AM (IST)

ਆਫ ਦਿ ਰਿਕਾਰਡ: ਕਾਰਤੀ ਨੇ ਲਿਖੀ ਚਿੱਠੀ, ਪ੍ਰਿਯੰਕਾ ਨੂੰ ਕੰਨਿਆਕੁਮਾਰੀ ਤੋਂ ਲੜਾਈ ਜਾਵੇ ਚੋਣ

ਨਵੀਂ ਦਿੱਲੀ- ਤਾਮਿਲਨਾਡੂ ਦੇ ਵੱਖ-ਵੱਖ ਆਗੂ ਜਿਨ੍ਹਾਂ ਵਿਚ ਕਾਰਤੀ ਚਿਦਾਂਬਰਮ ਵੀ ਸ਼ਾਮਲ ਹਨ, ਨੇ ਕਾਂਗਰਸ ਹਾਈਕਮਾਨ ਕੋਲੋਂ ਮੰਗ ਕੀਤੀ ਹੈ ਕਿ ਕੰਨਿਆਕੁਮਾਰੀ ਲੋਕ ਸਭਾ ਸੀਟ ’ਤੇ ਹੋਣ ਵਾਲੀ ਉਪ ਚੋਣ ’ਚ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਉਤਾਰਿਆ ਜਾਵੇ ਪਰ ਇਸ ਗੱਲ ਦੀ ਸੰਭਾਵਨਾ ਘੱਟ ਹੈ ਕਿ ਪ੍ਰਿਯੰਕਾ ਇਸ ਸੀਟ ਤੋਂ ਚੋਣ ਲੜੇ।

ਕਾਂਗਰਸ ਹਾਈਕਮਾਨ ਦੇ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਿਯੰਕਾ ਅਜੇ ਚੋਣ ਸਿਆਸਤ ਵਿਚ ਨਹੀਂ ਉਤਰੇਗੀ। ਉਹ ਇਸ ਸਮੇਂ ਉੱਤਰ ਪ੍ਰਦੇਸ਼ ਤੇ ਹੋਰਨਾਂ ਸੂਬਿਆਂ ਵਿਚ ਕਾਂਗਰਸ ਦੇ ਸੰਗਠਨ ਨੂੰ ਮਜ਼ਬੂਤ ਕਰਨ ਵੱਲ ਆਪਣਾ ਪੂਰਾ ਧਿਆਨ ਲਾ ਰਹੀ ਹੈ। ਦੱਖਣੀ ਭਾਰਤ ਦੀਆਂ ਖੇਤਰੀ ਪਾਰਟੀਆਂ ਡੀ. ਐੱਮ. ਕੇ. ਤੇ ਅੰਨਾ ਡੀ. ਐੱਮ. ਕੇ. ਨੇ ਇਹ ਸੀਟ ਕਾਂਗਰਸ ਤੇ ਭਾਜਪਾ ਲਈ ਛੱਡੀ ਹੈ। ਇਸ ਤਰ੍ਹਾਂ ਦੋਹਾਂ ਕੌਮੀ ਪਾਰਟੀਆਂ ਦਰਮਿਆਨ ਇੱਥੇ ਸਿੱਧੀ ਟੱਕਰ ਹੋਵੇਗੀ। ਇਹ ਸੀਟ ਕਾਂਗਰਸ ਦੇ ਇਕ ਐੱਮ. ਪੀ. ਵਸੰਤ ਕੁਮਾਰ ਦੇ ਦਿਹਾਂਤ ਕਾਰਨ ਖਾਲੀ ਹੋਈ ਹੈ।

ਭਾਜਪਾ ਇਸ ਸੀਟ ਤੋਂ ਸਾਬਕਾ ਕੇਂਦਰੀ ਮੰਤਰੀ ਰਾਧਾਕ੍ਰਿਸ਼ਨਨ ਨੂੰ ਆਪਣਾ ਉਮੀਦਵਾਰ ਐਲਾਨ ਚੁੱਕੀ ਹੈ। ਕੰਨਿਆਕੁਮਾਰੀ ਸੀਟ ’ਤੇ ਵੋਟਾਂ 6 ਅਪ੍ਰੈਲ ਨੂੰ ਪੈਣੀਆਂ ਹਨ। ਉਸ ਦਿਨ ਹੀ ਤਾਮਿਲਨਾਡੂ ਵਿਧਾਨ ਸਭਾ ਲਈ ਵੀ ਪੋਲਿੰਗ ਹੋਵੇਗੀ। ਤਾਮਿਲਨਾਡੂ ਦੀ ਸ਼ਿਵਗੰਗਾ ਸੀਟ ਤੋਂ ਲੋਕ ਸਭਾ ਦੇ ਮੈਂਬਰ ਕਾਰਤੀ ਚਿਦਾਂਬਰਮ ਅਤੇ ਹੋਰਨਾਂ ਪਾਰਟੀ ਆਗੂਆਂ ਨੇ ਸੂਬੇ ਦੀ ਪਾਰਟੀ ਨਾਲ ਸਬੰਧਤ ਚੋਣ ਕਮੇਟੀ ਨੂੰ ਅਰਜ਼ੀ ਦੇ ਕੇ ਬੇਨਤੀ ਕੀਤੀ ਹੈ ਕਿ ਪ੍ਰਿਯੰਕਾ ਨੂੰ ਉਪ ਚੋਣ ’ਚ ਉਮੀਦਵਾਰ ਬਣਾਇਆ ਜਾਵੇ।

ਕਾਰਤੀ ਦਾ ਕਹਿਣਾ ਹੈ ਕਿ ਪਾਰਟੀ ’ਚ ਨਵਾਂ ਜੋਸ਼ ਭਰਨ ਲਈ ਇਕ ‘ਹਿੰਮਤੀ ਕਦਮ’ ਚੁੱਕੇ ਜਾਣ ਦੀ ਲੋੜ ਹੈ। ਇਸ ਲਈ ਪ੍ਰਿਯੰਕਾ ਨੂੰ ਕੰਨਿਆਕੁਮਾਰੀ ਤੋਂ ਚੋਣ ਮੈਦਾਨ ਵਿਚ ਉਤਾਰਿਆ ਜਾਣਾ ਚਾਹੀਦਾ ਹੈ। ਸੀਨੀਅਰ ਨੇਤਾ ਤੇ ਕਾਰਤੀ ਦੇ ਪਿਤਾ ਪੀ. ਚਿਦਾਂਬਰਮ ਵੀ ਇਸ ਗੱਲ ’ਤੇ ਚਿੰਤਾ ਪ੍ਰਗਟਾ ਚੁੱਕੇ ਹਨ ਕਿ ਮੱਧ ਪ੍ਰਦੇਸ਼, ਗੁਜਰਾਤ, ਉੱਤਰ ਪ੍ਰਦੇਸ਼ ਤੇ ਕਰਨਾਟਕ ’ਚ ਹੋਈਆਂ ਉਪ ਚੋਣਾਂ ਦੌਰਾਨ ਕਾਂਗਰਸ ਦੇ ਪ੍ਰਦਰਸ਼ਨ ਤੋਂ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਪਾਰਟੀ ਦਾ ਜ਼ਮੀਨ ’ਤੇ ਕੋਈ ਆਧਾਰ ਨਹੀਂ ਅਤੇ ਹੋਰ ਜੋ ਕੁਝ ਵੀ ਹੈ, ਉਹ ਵੀ ਬਹੁਤ ਕਮਜ਼ੋਰ ਹੋ ਚੁੱਕਾ ਹੈ।


author

Tanu

Content Editor

Related News