ਹਿਮਾਚਲ ਦੀ ਪਹਿਲੀ ਮਹਿਲਾ ਡਾਗ ਹੈਂਡਲਰ ਬਣੀ ਪ੍ਰਿਆ, ਖਤਰਨਾਕ ਹਾਲਾਤ ’ਚ ਕਰੇਗੀ ਡਿਊਟੀ
Monday, Mar 21, 2022 - 10:16 AM (IST)
ਨਵੀਂ ਦਿੱਲੀ/ਸ਼ਿਮਲਾ (ਨੈਸ਼ਨਲ ਡੈਸਕ)- ਇੰਡੋ ਤਿੱਬਤ ਬਾਰਡਰ ਪੁਲਸ (ਆਈ. ਟੀ. ਬੀ. ਪੀ.) ਦੇ ਕੌਮੀ ਸਿਖਲਾਈ ਸਰਹੱਦੀ ਕੇਂਦਰ ’ਚ ਹਿਮਾਚਲ ਪ੍ਰਦੇਸ਼ ਦੀ ਪਹਿਲੀ ਮਹਿਲਾ ਡਾਗ ਹੈਂਡਲਰ ਪ੍ਰਿਆ ਠਾਕੁਰ ਮਹਿਲਾ ਆਈ. ਟੀ. ਬੀ. ਪੀ. ਦੇ 9 ਹੈਂਡਲਰਜ਼ ਦੇ ਪਹਿਲੇ ਬੈਚ ’ਚ ਸ਼ਾਮਲ ਹੋਵੇਗੀ। ਪਹਿਲੀ ਵਾਰ ਕਿਸੇ ਮਹਿਲਾ ਕਾਂਸਟੇਬਲ ਨੇ ਹੁਣੇ ਜਿਹੇ ਹੀ ਆਪਣੀ ਬੇਸਿਕ ਟ੍ਰੇਨਿੰਗ ਪੂਰੀ ਕੀਤੀ ਹੈ। ਇਹ ਸੈਂਟਰ ਕੁੱਤਿਆਂ, ਘੋੜਿਆਂ ਅਤੇ ਟੱਟੂਆਂ ਵਰਗੇ ਜਾਨਵਰਾਂ ਨੂੰ ਹੈਂਡਲ ਕਰਨ ਦੀ ਟ੍ਰੇਨਿੰਗ ਦਿੰਦੇ ਹਨ। ਹੁਣ ਤੱਕ ਅਧਿਕਾਰੀ ਰੈਂਕ ’ਚ ਕੁਝ ਮਹਿਲਾ ਪਸ਼ੂ ਡਾਕਟਰਾਂ ਨੂੰ ਛੱਡ ਕੇ ਸੇਵਾ ’ਚ ਸਭ ਕੁੱਤਿਆਂ ਦੇ ਸੰਚਾਲਕ ਮਰਦ ਹੀ ਰਹੇ ਹਨ। ਉਹ ਜਲਦੀ ਹੀ ਮਹਿਲਾ ਆਈ. ਟੀ. ਬੀ. ਪੀ. ਡਾਗ ਹੈਂਡਲਰਜ਼ ਦੇ ਪਹਿਲੇ ਬੈਚ ’ਚ ਸ਼ਾਮਲ ਹੋ ਜਾਏਗੀ ਕਿਉਂਕਿ ਪੁਲਸ ਆਪਣੇ ਨਵੇਂ ਸਿਖਲਾਈ ਪ੍ਰੋਗਰਾਮ ਨੂੰ ਅੰਤਿਮ ਰੂਪ ਦੇ ਰਹੀ ਹੈ। ਆਈ. ਟੀ. ਬੀ. ਪੀ. ਦੇ ਇਕ ਅਧਿਕਾਰੀ ਨੇ ਕਿਹਾ ਕਿ ਅਜਿਹੀਆਂ ਇਕਾਈਆਂ ’ਚ ਤਾਇਨਾਤ ਮਹਿਲਾ ਡਾਗ ਹੈਂਡਲਰਜ਼ ਨੂੰ ਔਖੇ ਇਲਾਕਿਆਂ ਅਤੇ ਖਤਰਨਾਕ ਹਾਲਾਤ ’ਚ ਲੜਾਕੂ ਡਿਊਟੀ ਅਤੇ ਹੋਰ ਆਪਰੇਸ਼ਨਲ ਕੰਮ ਸੌਂਪੇ ਜਾਣਗੇ।
ਕੀ ਕਹਿੰਦੇ ਹਨ ਇੰਸਪੈਕਟਰ ਜਨਰਲ
ਆਈ. ਟੀ. ਬੀ. ਪੀ. ਦੇ ਇੰਸਪੈਕਟਰ ਜਨਰਲ ਈਸ਼ਵਰ ਸਿੰਘ ਦੂਹਨ ਕਹਿੰਦੇ ਹਨ ਕਿ ਮਹਿਲਾ ਕਾਂਸਟੇਬਲਾਂ ਲਈ ਉਕਤ ਕੇਡਰ ਖੋਲ੍ਹਣਾ ਉਨ੍ਹਾਂ ਨੂੰ ਵਧੇਰੇ ਪੇਸ਼ੇਵਰ ਹੋਣ ਦਾ ਮੌਕਾ ਦੇਣਾ ਹੈ। ਉਨ੍ਹਾਂ ਨੂੰ ਇਕ ਅਜਿਹੇ ਹੁਨਰ ਨਾਲ ਲੈੱਸ ਕਰਨਾ ਹੈ ਜੋ ਨਾ ਸਿਰਫ ਫੋਰਸ ਲਈ ਲਾਹੇਵੰਦ ਹੈ ਸਗੋਂ ਸੇਵਾ ਤੋਂ ਸੇਵਾਮੁਕਤ ਹੋਣ ਪਿਛੋਂ ਮਦਦਗਾਰ ਸਾਬਤ ਹੋ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਈ. ਟੀ. ਬੀ. ਪੀ. ’ਚ ਮਹਿਲਾ ਮੁਲਾਜ਼ਮਾਂ ਦੀ ਗਿਣਤੀ ਵਧਣ ਦੇ ਨਾਲ ਅਸੀਂ ਹੁਣੇ-ਜਿਹੇ ਹੀ ਪ੍ਰਸ਼ਾਸਨਿਕ ਲੋੜਾਂ ਨੂੰ ਪੂਰਾ ਕਰਨ ਅਤੇ ਰੋਜ਼ਗਾਰ ’ਚ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਨੂੰ ਦੂਰ ਕਰਨ ਲਈ ਕਈ ਹੋਰ ਗੈਰ-ਤਾਲਮੇਲ ਵਾਲੇ ਫਰਜ਼ ਅਤੇ ਕਾਰੋਬਾਰਾਂ ’ਚ ਔਰਤਾਂ ਦੀ ਭਰਤੀ ਸ਼ੁਰੂ ਕੀਤੀ ਹੈ। ਆਈ. ਟੀ. ਬੀ. ਪੀ. ਦੇ ਗੈਰ-ਜਨਰਲ ਡਿਊਟੀ ਕਾਂਸਟੇਬਲਾਂ ਦੇ ਤਾਜ਼ਾ ਬੈਚ ’ਚ 76 ਔਰਤਾਂ ਸਨ। ਇਨ੍ਹਾਂ ’ਚੋਂ ਕਈਆਂ ਨੇ ਏ. ਟੀ. ਕੇਡਰ ’ਚ ਸੇਵਾ ਕਰਨ ਦੀ ਇੱਛਾ ਪ੍ਰਗਟਾਈ ਹੈ। ਆਈ. ਟੀ. ਬੀ. ਪੀ. ਦੀਆਂ 56 ਆਪਰੇਸ਼ਨਲ ਇਕਾਈਆਂ ਹਨ ਅਤੇ ਹਰ ਇਕਾਈ 4 ਕੁੱਤਿਆਂ ਨੂੰ ਅਧਿਕਾਰਤ ਕਰਦੀ ਹੈ।
ਡਾਗਸ ਲਵਰ ਹੈ ਪ੍ਰਿਆ
ਜਦੋਂ ਪ੍ਰਿਆ ਠਾਕੁਰ ਕੋਲੋਂ ਪੁਛਿਆ ਗਿਆ ਕਿ ਉਨ੍ਹਾਂ ਡਾਗ ਸਕੁਐਡ ਜੁਆਇਨ ਕਰਨ ਸਬੰਧੀ ਕਿਉਂ ਸੋਚਿਆ ਤਾਂ ਉਨ੍ਹਾਂ ਕਿਹਾ ਕਿ ਔਰਤਾਂ ਨੇ ਜ਼ਿੰਦਗੀ ਦੇ ਸਭ ਖੇਤਰਾਂ ’ਚ ਬੇਮਿਸਾਲ ਢੰਗ ਨਾਲ ਤਰੱਕੀ ਕੀਤੀ ਹੈ। ਜਦੋਂ ਮੈਂ ਹਿਮਾਚਲ ਪ੍ਰਦੇਸ਼ ਪੁਲਸ ਵਿਭਾਗ ’ਚ ਸ਼ਾਮਲ ਹੋਈ ਤਾਂ ਮੈਨੂੰ ਡਾਗ ਸਕੁਐਡ ਬਾਰੇ ਪਤਾ ਲੱਗਾ। ਮੈਨੂੰ ਇਹ ਵੀ ਪਤਾ ਲੱਗਾ ਕਿ ਉਥੇ ਕੋਈ ਮਹਿਲਾ ਸੰਚਾਲਕ ਨਹੀਂ ਹੈ। ਇਕ ਡਾਗ ਲਵਰ ਹੋਣ ਦੇ ਨਾਅਤੇ ਜਦੋਂ ਮੈਨੂੰ ਇਸ ਮੌਕੇ ਬਾਰੇ ਪਤਾ ਲੱਗਾ ਤਾਂ ਮੈਂ ਤੁਰੰਤ ਉਹ ਪੇਸ਼ਕਸ਼ ਪ੍ਰਵਾਨ ਕਰ ਲਈ। ਪ੍ਰਿਆ ਠਾਕੁਰ ਦਾ ਕਹਿਣਾ ਹੈ ਕਿ ‘ਸਾਫਟੀ’ ਮੇਰਾ ਪਹਿਲਾਂ ਪੁਲਸ ਡਾਗ ਹੈ। 9 ਮਹੀਨਿਆਂ ਦੀ ਟ੍ਰੇਨਿੰਗ ’ਚੋਂ ਅਸੀਂ 3 ਮਹੀਨਿਆਂ ਦੀ ਟ੍ਰੇਨਿੰਗ ਪੂਰੀ ਕਰ ਲਈ ਹੈ। ਪ੍ਰਿਆ ਸਰਹੱਦਾਂ ’ਤੇ ਗਸ਼ਤ ਕਰਨ, ਵਿਸਫੋਟਕਾਂ ਅਤੇ ਨਸ਼ੀਲੀਆਂ ਵਸਤਾਂ ਦਾ ਪਤਾ ਲਾਉਣ, ਖੋਜ ਅਤੇ ਬਚਾਅ ਮਿਸ਼ਨ, ਸ਼ੱਕੀਆਂ ’ਤੇ ਨਜ਼ਰ ਰੱਖਣ ਅਤੇ ਉਨ੍ਹਾਂ ਨੂੰ ਰੋਕਣ ਵਰਗੇ ਕਦਮਾਂ ਦਾ ਪਾਲਣ ਕਰੇਗੀ।