ਨਿੱਜੀ ਹਸ‍ਪਤਾਲ ਦੀ ਸ਼ਰਮਨਾਕ ਕਰਤੂਤ, ਕੋਰੋਨਾ ਮਰੀਜ਼ ਦੇ ਗਹਿਣੇ ਲਾਹ ਸੌਂਪ ਦਿੱਤੀ ਮ੍ਰਿਤਕ ਦੇਹ

Friday, Apr 23, 2021 - 03:36 AM (IST)

ਨਵੀਂ ਦਿੱਲੀ - ਕੋਰੋਨਾ ਦੇ ਕਹਿਰ ਵਿਚਾਲੇ ਹਸ‍ਪਤਾਲਾਂ ਵਿੱਚ ਪੈਸੇ ਦੀ ਲੁੱਟ ਅਤੇ ਅਸੁਵਿਧਾਵਾਂ ਦੀਆਂ ਖ਼ਬਰਾਂ ਤਾਂ ਕਾਫ਼ੀ ਪਹਿਲਾਂ ਤੋਂ ਆ ਰਹੀਆਂ ਹਨ ਪਰ ਰਾਜਧਾਨੀ ਦੇ ਇੱਕ ਹਸ‍ਪਤਾਲ ਦੀ ਕਰਤੂਤ ਨੇ ਮਨੁੱਖਤਾ ਨੂੰ ਵੀ ਸ਼ਰਮਸਾਰ ਕਰ ਦਿੱਤਾ ਹੈ। ਦਿੱਲੀ ਦੇ ਕੰਝਾਵਲਾ ਸਥਿਤ ਇਸ ਪ੍ਰਾਈਵੇਟ ਹਸ‍ਪਤਾਲ ਨੇ ਕੋਵਿਡ ਮਰੀਜ਼ ਬੀਬੀ ਦੇ ਗਹਿਣੇ ਲਾਹ ਕੇ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ।

ਇਹ ਵੀ ਪੜ੍ਹੋ- ਰਾਮ ਮੰਦਰ ਟਰੱਸਟ ਕਰੇਗਾ ਆਕਸੀਜਨ ਸਪਲਾਈ, ਦਸ਼ਰਥ ਮੈਡੀਕਲ ਕਾਲਜ 'ਚ ਲੱਗਣਗੇ 2 ਪਲਾਂਟ

ਦਿੱਲੀ ਪੁਲਸ ਨੂੰ ਮਿਲੀ ਸੂਚਨਾ ਮੁਤਾਬਕ ਕੰਝਾਵਲਾ ਦੇ ਸਾਵਿਤਰੀ ਹਸ‍ਪਤਾਲ ਵਿੱਚ ਕੋਰੋਨਾ ਤੋਂ ਪੀੜਤ ਹਸ਼ਰਤੀ ਸਿੱਦੀਕੀ ਨਾਮ ਦੀ 41 ਸਾਲਾ ਬੀਬੀ ਨੂੰ 16 ਅਪ੍ਰੈਲ ਨੂੰ ਦਾਖਲ ਕਰਾਇਆ ਗਿਆ ਸੀ। ਇਸ ਦੌਰਾਨ ਬੀਬੀ ਨੇ ਦੋਨਾਂ ਕੰਨਾਂ ਵਿੱਚ ਚਾਰ-ਚਾਰ ਸੋਨੇ ਦੇ ਗਹਿਣੇ ਅਤੇ ਨੱਕ ਵਿੱਚ ਬਾਲੀ ਪਾ ਰੱਖੀ ਸੀ। 20 ਅਪ੍ਰੈਲ ਨੂੰ ਬੀਬੀ ਦੀ ਕੋਵਿਡ ਨਾਲ ਮੌਤ ਹੋ ਜਾਣ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਮਾਰਚਰੀ ਵਿੱਚ ਭੇਜ ਦਿੱਤੀ ਗਈ ਅਤੇ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਗਈ।

ਜਦੋਂ ਪਰਿਵਾਰ ਵਾਲੇ ਸਾਮਾਨ ਲੈਣ ਲਈ ਹਸ‍ਪਤਾਲ ਪੁੱਜੇ ਤਾਂ ਉਨ੍ਹਾਂ ਪੋਟਲੀ ਵਿੱਚ ਬੰਦ ਕਰਕੇ ਗਹਿਣੇ, ਬੀਬੀ ਦਾ ਮੋਬਾਇਲ, ਚਾਰਜਰ ਅਤੇ ਕੱਪੜੇ ਸੌਂਪ ਦਿੱਤੇ ਨਾਲ ਹੀ ਇੱਕ ਫ਼ਾਰਮ 'ਤੇ ਸਾਈਨ ਕਰਾ ਲਿਆ ਗਿਆ। ਘਰਵਾਲਿਆਂ ਨੇ ਜਦੋਂ ਘਰ ਆ ਕੇ ਪੋਟਲੀ ਖੋਲ੍ਹੀ ਤਾਂ ਉਸ ਵਿੱਚ 9 ਨਗ ਦੀ ਬਜਾਏ ਸਿਰਫ ਸੱਤ ਹੀ ਗਹਿਣੇ ਨਿਕਲੇ। ਇਨ੍ਹਾਂ ਵਿੱਚ ਕੰਨਾਂ ਦੇ ਸਭ ਤੋਂ ਭਾਰੀ ਕਰੀਬ 10 ਗ੍ਰਾਮ ਦੇ ਕੁੰਡਲ ਗਾਇਬ ਮਿਲੇ। ਜਦੋਂ ਪਰਿਵਾਰ ਨੇ ਹਸ‍ਪਤਾਲ ਵਿੱਚ ਇਸ ਦੀ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੇ ਇਹ ਕਹਿ ਕੇ ਭਜਾ ਦਿੱਤਾ ਗਿਆ ਕਿ ਸਾਰਾ ਸਾਮਾਨ ਦੇ ਦਿੱਤਾ ਗਿਆ ਹੈ। ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਪੁਲਸ ਵਿੱਚ ਕਰ ਦਿੱਤੀ।

ਇਹ ਵੀ ਪੜ੍ਹੋ- ਮੈਡੀਕਲ ਕਾਲਜ 'ਤੇ ਲਾਪਰਵਾਹੀ ਦਾ ਦੋਸ਼ ਲਗਾਉਣ ਵਾਲੇ ਲੈਬ ਟੈਕਨੀਸ਼ੀਅਨ ਦੀ ਕੋਰੋਨਾ ਨਾਲ ਮੌਤ

ਇਸ ਮਾਮਲੇ ਵਿੱਚ ਮ੍ਰਿਤਕ ਬੀਬੀ ਦੇ ਭਤੀਜੇ ਮੁਹੰਮਦ ਮੋਹਸੀਨ ਨੇ ਦੱਸਿਆ ਕਿ ਕੋਰੋਨਾ ਦੌਰਾਨ ਉਨ੍ਹਾਂ ਦੀ ਚਾਚੀ ਵਲੋਂ 17 ਅਪ੍ਰੈਲ ਨੂੰ ਵੀਡੀਓ ਕਾਲ 'ਤੇ ਗੱਲ ਹੋਈ ਸੀ ਜੋ ਉਨ੍ਹਾਂ ਦੇ ਕੈਮਰੇ ਵਿੱਚ ਰਿਕਾਰਡ ਹੈ। ਉਸ ਵਿੱਚ ਸਾਫ਼-ਸਾਫ਼ ਵਿਖਾਈ ਦੇ ਰਿਹਾ ਹੈ ਕਿ ਚਾਚੀ ਨੇ ਸੋਨੇ ਦੇ ਵੱਡੇ-ਵੱਡੇ ਕੁੰਡਲ ਪਾ ਰੱਖੇ ਹਨ ਜੋ ਹਸ‍ਪਤਾਲ ਨੇ ਸਾਮਾਨ ਵਿੱਚ ਨਹੀਂ ਵਾਪਸ ਕੀਤੇ। ਇਸ ਸੰਬੰਧ ਵਿੱਚ ਸਬੂਤ ਦੇ ਰੂਪ ਵਿੱਚ ਉਨ੍ਹਾਂ ਨੇ ਵੀਡੀਓ ਕਾਲ ਵੀ ਵਿਖਾਈ ਹੈ। ਉਨ੍ਹਾਂ ਕਿਹਾ ਕਿ ਇਹ ਬੇਹੱਦ ਦਰਦਨਾਕ ਅਤੇ ਮਨੁੱਖਤਾ ਨੂੰ ਸ਼ਰਮਸਾਰ ਕਰਣ ਵਾਲਾ ਹੈ ਕਿ ਮ੍ਰਿਤਕ ਦੇਹ ਤੋਂ ਵੀ ਗਹਿਣੇ ਉਤਾਰ ਲਏ ਗਏ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News