ਭਾਰਤੀ ਫ਼ੌਜ ’ਚ ਸ਼ਾਮਲ ਹੋਏ 319 ਨੌਜਵਾਨ, ਰਾਸ਼ਟਰਪਤੀ ਬੋਲੇ- ਜਨਰਲ ਬਿਪਿਨ ਰਾਵਤ ਨੂੰ ਬਣਾਓ ‘ਰੋਲ ਮਾਡਲ’
Saturday, Dec 11, 2021 - 04:33 PM (IST)
ਦੇਹਰਾਦੂਨ— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ਨੀਵਾਰ ਨੂੰ ਦੇਹਰਾਦੂਨ ਸਥਿਤ ਭਾਰਤੀ ਫ਼ੌਜ ਅਕਾਦਮੀ ਤੋਂ ਪਾਸ ਹੋਏ ਕੈਡੇਟ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੂੰ ਦੇਸ਼ ਦੇ ਪਹਿਲੇ ਚੀਫ ਆਫ਼ ਡਿਫੈਂਸ ਸਟਾਫ (ਸੀ. ਡੀ. ਐੱਸ.) ਜਨਰਲ ਬਿਪਿਨ ਰਾਵਤ ਨੂੰ ਰੋਲ ਮਾਡਲ ਦੇ ਤੌਰ ’ਤੇ ਅਪਣਾਉਣ ਨੂੰ ਕਿਹਾ। ਰਾਸ਼ਟਰਪਤੀ ਨੇ ਕਿਹਾ ਕਿ ਜਨਰਲ ਰਾਵਤ ਦੇ ਅਚਨਚੇਤ ਦੇਹਾਂਤ ਕਾਰਨ ਪੈਦਾ ਹੋਏ ਖਾਲੀਪਨ ਨੂੰ ਕਦੇ ਭਰਿਆ ਨਹੀਂ ਜਾ ਸਕਦਾ। ਜੇਕਰ ਇਹ ਹਾਦਸਾ ਨਾ ਹੁੰਦਾ ਤਾਂ ਰਾਵਤ ਅੱਜ ਪਾਸਿੰਗ ਆਊਟ ਪਰੇਡ ਵਿਚ ਸਾਡੇ ਨਾਲ ਹੁੰਦੇ। ਦੱਸ ਦੇਈਏ ਕਿ ਰਾਸ਼ਟਰਪਤੀ ਕੋਵਿੰਦ ਨਾਲ ਹੀ ਜਨਰਲ ਰਾਵਤ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣ ਵਾਲੇ ਸਨ।
ਰਾਸ਼ਟਰਪਤੀ ਨੇ ਕਿਹਾ ਕਿ ਜੇਕਰ ਰਾਵਤ ਅੱਜ ਸਾਡੇ ਨਾਲ ਹੁੰਦੇ, ਤਾਂ ਉਹ ਖੁਸ਼ੀ ਅਤੇ ਮਾਣ ਨਾਲ ਪਾਸਿੰਗ ਆਊਟ ਪਰੇਡ ਨੂੰ ਵੇਖ ਰਹੇ ਹੁੰਦੇ। ਰਾਵਤ ਭਾਰਤੀ ਫ਼ੌਜ ਅਕਾਦਮੀ ਦੇ ਸਾਬਕਾ ਵਿਦਿਆਰਥੀ ਸਨ। ਉਨ੍ਹਾਂ ਨੇ ਸਵਾਰਡ ਆਫ ਆਨਰ ਨਾਲ ਸਨਮਾਨਤ ਕੀਤਾ ਗਿਆ ਸੀ, ਜੋ ਅਕਾਦਮੀ ’ਚ ਸਭ ਤੋਂ ਚੰਗੇ ਕੈਡੇਟ ਨੂੰ ਦਿੱਤਾ ਜਾਣ ਵਾਲਾ ਸਰਵਸ਼੍ਰੇਸ਼ਠ ਪੁਰਸਕਾਰ ਹੈ। ਸ਼ਨੀਵਾਰ ਨੂੰ ਭਾਰਤ ਤੋਂ ਕੁੱਲ 319 ਕੈਡੇਟ ਅਤੇ ਹੋਰ ਮਿੱਤਰ ਦੇਸ਼ਾਂ ਦੇ 68 ਕੈਡੇਟ ਨੇ ਅਕਾਦਮੀ ਤੋਂ ਗਰੈਜੂਏਸ਼ਨ ਕੀਤੀ ਅਤੇ ਉਨ੍ਹਾਂ ਨੂੰ ਅਧਿਕਾਰੀਆਂ ਦੇ ਰੂਪ ਵਿਚ ਆਪਣੇ-ਆਪਣੇ ਦੇਸ਼ਾਂ ਦੀਆਂ ਸੈਨਾਵਾਂ ’ਚ ਸ਼ਾਮਲ ਕੀਤਾ ਗਿਆ। ਉੱਤਰ ਪ੍ਰਦੇਸ਼ ਤੋਂ ਸਭ ਤੋਂ ਵੱਧ 45 ਅਤੇ ਉਸ ਤੋਂ ਬਾਅਦ ਉਤਰਾਖੰਡ ਦੇ 43 ਕੈਡੇਟ ਨੂੰ ਸੈਨਾਵਾਂ ’ਚ ਸ਼ਾਮਲ ਕੀਤਾ ਗਿਆ। ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਕਿਹਾ ਕਿ ਤੁਹਾਡੀ ਸਿਖਲਾਈ ਤੁਹਾਨੂੰ ਹਰ ਚੁਣੌਤੀ ਲਈ ਤਿਆਰ ਕਰਦੀ ਹੈ। ਸਾਡਾ ਝੰਡਾ ਹਮੇਸ਼ਾ ਉੱਚਾ ਰਹੇਗਾ।
ਦੱਸ ਦੇਈਏ ਕਿ ਬੀਤੇ ਬੁੱਧਵਾਰ ਨੂੰ ਜਨਰਲ ਬਿਪਿਨ ਰਾਵਤ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਤਾਮਿਲਨਾਡੂ ਦੇ ਕੰਨੂਰ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ। ਹਵਾਈ ਫ਼ੌਜ ਦੇ ਐੱਮ. ਆਈ-17ਵੀ5 ਹੈਲੀਕਾਪਟਰ ਵਿਚ ਰਾਵਤ, ਉਨ੍ਹਾਂ ਦੀ ਪਤਨੀ ਸਮੇਤ 14 ਲੋਕ ਸਵਾਰ ਸਨ। ਇਸ ਭਿਆਨਕ ਹਾਦਸੇ ਵਿਚ 13 ਲੋਕ ਸਵਾਰ ਸਨ, ਜਦਕਿ ਗੰਭੀਰ ਰੂਪ ਨਾਲ ਜ਼ਖਮੀ ਗਰੁੱਪ ਕੈਪਟਨ ਵਰੁਣ ਸਿੰਘ ਦਾ ਬੈਂਗਲੁਰੂ ’ਚ ਇਲਾਜ ਚੱਲ ਰਿਹਾ ਹੈ। ਸ਼ੁੱਕਰਵਾਰ ਯਾਨੀ ਕਿ ਕੱਲ੍ਹ ਸਰਕਾਰੀ ਸਨਮਾਨ ਨਾਲ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਦਾ ਅੰਤਿਮ ਸੰਸਕਾਰ ਕੀਤਾ ਗਿਆ।