ਗਰਭਵਤੀ ਔਰਤ ਦੇ ਜਿਨਸੀ ਸ਼ੋਸ਼ਣ ਦੀ ਕੋਸ਼ਿਸ਼, ਚੱਲਦੀ ਰੇਲਗੱਡੀ ਤੋਂ ਦਿੱਤਾ ਧੱਕਾ
Saturday, Feb 08, 2025 - 12:31 AM (IST)
![ਗਰਭਵਤੀ ਔਰਤ ਦੇ ਜਿਨਸੀ ਸ਼ੋਸ਼ਣ ਦੀ ਕੋਸ਼ਿਸ਼, ਚੱਲਦੀ ਰੇਲਗੱਡੀ ਤੋਂ ਦਿੱਤਾ ਧੱਕਾ](https://static.jagbani.com/multimedia/2025_2image_00_30_530710126bgt.jpg)
ਵੇਲੋਰ (ਤਾਮਿਲਨਾਡੂ), (ਭਾਸ਼ਾ)- ਇੱਥੇ ਕਾਟਪਾਡੀ ਕਸਬੇ ਦੇ ਨੇੜੇ ਇਕ ਚੱਲਦੀ ਰੇਲਗੱਡੀ ਵਿਚ ਇਕ 4 ਮਹੀਨੇ ਦੀ ਗਰਭਵਤੀ ਔਰਤ ਨਾਲ ਜਿਨਸੀ ਸ਼ੋਸ਼ਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਆਂਧਰਾ ਪ੍ਰਦੇਸ਼ ਦੇ ਚਿਤੂਰ ਦੀ ਰਹਿਣ ਵਾਲੀ 36 ਸਾਲਾ ਪੀੜਤਾ ਬੋਗੀ ਵਿਚ ਇਕੱਲੀ ਯਾਤਰਾ ਕਰ ਰਹੀ ਸੀ ਅਤੇ ਇਸ ਦੌਰਾਨ ‘ਹਿਸਟਰੀਸ਼ੀਟਰ’ ਦੱਸਿਆ ਜਾਣ ਵਾਲਾ ਮੁਲਜ਼ਮ ਜੋਲਾਰਪੇਟ ਰੇਲਵੇ ਸਟੇਸ਼ਨ ਤੋਂ ਟਰੇਨ ’ਚ ਚੜ੍ਹਿਆ ਅਤੇ ਔਰਤ ਦੇ ਜਿਨਸੀ ਸ਼ੋਸ਼ਣ ਦੀ ਕੋਸ਼ਿਸ਼ ਕੀਤੀ।
ਔਰਤ ਵਿਰੋਧ ਕਰਦੀ ਹੋਈ ਖੁਦ ਨੂੰ ਟਾਇਲਟ ਵਿਚ ਬੰਦ ਕਰਨ ਲਈ ਭੱਜੀ ਪਰ ਮੁਲਜ਼ਮ ਨੇ ਪਿੱਛਾ ਕਰ ਕੇ ਉਸ ਨੂੰ ਰੇਲਗੱਡੀ ਤੋਂ ਧੱਕਾ ਮਾਰ ਦਿੱਤਾ, ਜਿਸ ਨਾਲ ਪੀੜਤਾ ਦੇ ਇਕ ਹੱਥ ਤੇ ਇਕ ਲੱਤ ਦੀ ਹੱਡੀ ਟੁੱਟ ਗਈ। ਘਟਨਾ ਵਾਲੀ ਥਾਂ ਤੋਂ ਲੰਘ ਰਹੇ ਲੋਕਾਂ ਨੇ ਔਰਤ ਨੂੰ ਹਸਪਤਾਲ ਪਹੁੰਚਾਇਆ। ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਮੁਲਜ਼ਮ ਹੇਮਰਾਜ (31) ਦੀ ਪਛਾਣ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।