ਸਰਕਾਰੀ ਹਸਪਤਾਲ ਦਾ ਹਾਲ ! ਮੋਬਾਈਲ ਦੀ ਲਾਈਟ ਜਗਾ ਕੇ ਕਰਵਾਈ ਗਈ ਔਰਤ ਦੀ ਡਿਲੀਵਰੀ

Tuesday, Apr 07, 2026 - 11:37 AM (IST)

ਸਰਕਾਰੀ ਹਸਪਤਾਲ ਦਾ ਹਾਲ ! ਮੋਬਾਈਲ ਦੀ ਲਾਈਟ ਜਗਾ ਕੇ ਕਰਵਾਈ ਗਈ ਔਰਤ ਦੀ ਡਿਲੀਵਰੀ

ਮੁੰਗੇਲੀ- ਛੱਤੀਸਗੜ੍ਹ ਦੀਆਂ ਸਰਕਾਰੀ ਸਿਹਤ ਸੇਵਾਵਾਂ ਇਕ ਵਾਰ ਫਿਰ ਸਵਾਲਾਂ ਦੇ ਘੇਰੇ 'ਚ ਆ ਗਈਆਂ ਹਨ। ਮੁੰਗੇਲੀ ਜ਼ਿਲ੍ਹੇ ਦੇ ਲੋਰਮੀ ਸਥਿਤ 50 ਬਿਸਤਰਿਆਂ ਵਾਲੇ ਮਦਰ ਐਂਡ ਚਾਈਲਡ ਹਸਪਤਾਲ 'ਚ ਇਕ ਗਰਭਵਤੀ ਔਰਤ ਨੂੰ ਬਿਜਲੀ ਗੁੱਲ ਹੋਣ ਕਾਰਨ ਮੋਬਾਈਲ ਫੋਨ ਦੀ ਟਾਰਚ ਦੀ ਰੋਸ਼ਨੀ 'ਚ ਬੱਚੇ ਨੂੰ ਜਨਮ ਦੇਣਾ ਪਿਆ। ਜਾਣਕਾਰੀ ਅਨੁਸਾਰ ਸੋਮਵਾਰ ਦੁਪਹਿਰ ਨੂੰ ਇਕ ਮਹਿਲਾ ਜਣੇਪੇ ਲਈ ਹਸਪਤਾਲ ਪਹੁੰਚੀ ਸੀ। ਜਿਸ ਸਮੇਂ ਜਣੇਪਾ ਪ੍ਰਕਿਰਿਆ ਸ਼ੁਰੂ ਹੋਣ ਵਾਲੀ ਸੀ, ਅਚਾਨਕ ਪੂਰੇ ਹਸਪਤਾਲ ਦੀ ਬਿਜਲੀ ਚਲੀ ਗਈ। ਹੈਰਾਨੀ ਦੀ ਗੱਲ ਇਹ ਰਹੀ ਕਿ ਹਸਪਤਾਲ ਦੇ ਬੈਕਅੱਪ ਵਜੋਂ ਲੱਗੇ ਆਟੋ-ਕੱਟ ਜਨਰੇਟਰ ਅਤੇ ਇਨਵਰਟਰ ਨੇ ਵੀ ਕੰਮ ਨਹੀਂ ਕੀਤਾ, ਜਿਸ ਕਾਰਨ ਲੇਬਰ ਰੂਮ 'ਚ ਪੂਰੀ ਤਰ੍ਹਾਂ ਹਨੇਰਾ ਛਾ ਗਿਆ। ਪੀੜਤ ਔਰਤ ਲਗਭਗ ਅੱਧੇ ਘੰਟੇ ਤੱਕ ਦਰਦ ਨਾਲ ਤੜਫਦੀ ਰਹੀ, ਜਿਸ ਤੋਂ ਬਾਅਦ ਨਰਸਿੰਗ ਸਟਾਫ ਨੇ ਮੋਬਾਈਲ ਦੀ ਟਾਰਚ ਜਲਾ ਕੇ ਡਿਲੀਵਰੀ ਕਰਵਾਈ। ਰਾਹਤ ਦੀ ਗੱਲ ਇਹ ਰਹੀ ਕਿ ਜੱਚਾ ਅਤੇ ਬੱਚਾ ਦੋਵੇਂ ਸੁਰੱਖਿਅਤ ਹਨ।

ਪੀੜਤ ਪਰਿਵਾਰ ਦੇ ਗੰਭੀਰ ਦੋਸ਼ 

ਮਹਿਲਾ ਦੇ ਪਤੀ ਹੇਮੰਤ ਨੇ ਦੱਸਿਆ ਕਿ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਬਿਜਲੀ ਸੀ, ਪਰ ਐਮਰਜੈਂਸੀ ਰੂਮ 'ਚ ਜਾਂਦੇ ਹੀ ਬਿਜਲੀ ਚਲੀ ਗਈ। ਉਸ ਨੇ ਦੋਸ਼ ਲਾਇਆ ਕਿ ਮੌਕੇ 'ਤੇ ਕੋਈ ਵੀ ਡਾਕਟਰ ਮੌਜੂਦ ਨਹੀਂ ਸੀ ਅਤੇ ਜਦੋਂ ਨਰਸਾਂ ਨੂੰ ਸਥਿਤੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਥਿਤ ਤੌਰ 'ਤੇ ਕਿਹਾ, "ਜਿਸ ਨੂੰ ਮਰਜ਼ੀ ਸ਼ਿਕਾਇਤ ਕਰ ਦਿਓ, ਜਦੋਂ ਅਧਿਕਾਰੀ ਅਤੇ ਡਾਕਟਰ ਹੀ ਨਹੀਂ ਹਨ ਤਾਂ ਅਸੀਂ ਕੀ ਕਰੀਏ।'' 

ਸਿਆਸੀ ਹਲਕਿਆਂ 'ਚ ਹੜਕੰਪ 

ਸੂਬੇ ਦੇ ਸਾਬਕਾ ਸਿਹਤ ਮੰਤਰੀ ਅਤੇ ਉਪ-ਮੁੱਖ ਮੰਤਰੀ ਟੀ.ਐਸ. ਸਿੰਘਦੇਵ ਨੇ ਇਸ ਘਟਨਾ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਇਸ ਨੂੰ "ਜਾਨ ਨਾਲ ਖਿਲਵਾੜ" ਅਤੇ "ਗੰਭੀਰ ਲਾਪਰਵਾਹੀ" ਕਰਾਰ ਦਿੱਤਾ। ਸਿੰਘਦੇਵ ਨੇ ਕਿਹਾ ਕਿ ਜਣੇਪੇ ਸਮੇਂ ਡਾਕਟਰ ਦੀ ਮੌਜੂਦਗੀ ਲਾਜ਼ਮੀ ਹੋਣੀ ਚਾਹੀਦੀ ਹੈ ਅਤੇ ਬੈਕਅੱਪ ਸਿਸਟਮ ਫੇਲ੍ਹ ਹੋਣ ਲਈ ਜ਼ਿੰਮੇਵਾਰ ਅਧਿਕਾਰੀਆਂ 'ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਦੂਜੇ ਪਾਸੇ ਸਿਹਤ ਵਿਭਾਗ ਨੇ ਸਫ਼ਾਈ ਦਿੰਦਿਆਂ ਕਿਹਾ ਕਿ ਖ਼ਰਾਬ ਮੌਸਮ ਕਾਰਨ ਕੰਟਰੋਲ ਪੈਨਲ 'ਚ ਸ਼ਾਰਟ ਸਰਕਟ ਹੋ ਗਿਆ ਸੀ, ਜਿਸ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਬਲਾਕ ਮੈਡੀਕਲ ਅਫ਼ਸਰ (BMO) ਅਨੁਸਾਰ ਹੁਣ ਖ਼ਰਾਬੀ ਨੂੰ ਦਰੁਸਤ ਕਰ ਲਿਆ ਗਿਆ ਹੈ। ਹਾਲਾਂਕਿ, ਡਾਕਟਰ ਦੀ ਗੈਰ-ਮੌਜੂਦਗੀ ਅਤੇ ਸਿਸਟਮ ਦੇ ਫੇਲ੍ਹ ਹੋਣ ਕਾਰਨ ਹਸਪਤਾਲ ਪ੍ਰਬੰਧਨ ਦੀ ਕਾਰਜਪ੍ਰਣਾਲੀ 'ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News