ਮੀਂਹ ਅਤੇ ਤੇਜ਼ ਹਵਾਵਾਂ ਨੇ ਸੋਨੇ ਵਰਗੀ ਫਸਲ ਦਾ ਕੀਤਾ ਬੁਰਾ ਹਾਲ, ਸਰੋਂ ਦੀ ਫਸਲ ਜ਼ਮੀਨ ’ਤੇ ਵਿਛੀ
Sunday, Mar 29, 2026 - 04:59 PM (IST)
ਤਰਨਤਾਰਨ (ਰਮਨ)- ਪਿਛਲੇ ਕਈ ਦਿਨਾਂ ਤੋਂ ਜ਼ਿਲ੍ਹੇ ਭਰ ’ਚ ਮੌਸਮ ’ਚ ਆਈ ਅਚਾਨਕ ਤਬਦੀਲੀ ਨੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲ ਪੋਸ ਵੱਡੀ ਕੀਤੀ ਗਈ ਕਣਕ ਦੀ ਫਸਲ ਦਾ ਜਿੱਥੇ ਵੱਡੀ ਗਿਣਤੀ ’ਚ ਨੁਕਸਾਨ ਹੁੰਦਾ ਵੇਖਿਆ ਜਾ ਸਕਦਾ ਹੈ, ਉਥੇ ਸਰੋਂ ਅਤੇ ਹੋਰ ਸਬਜ਼ੀਆਂ ਦੀਆਂ ਫਸਲਾਂ ਨੂੰ ਵੀ ਕਾਫੀ ਨੁਕਸਾਨ ਪੁੱਜਦਾ ਨਜ਼ਰ ਆ ਰਿਹਾ ਹੈ। ਸੋਨੇ ਵਾਂਗ ਪੱਕ ਕੇ ਤਿਆਰ ਹੋਣ ਜਾ ਰਹੀ ਕਣਕ ਦੀ ਫਸਲ ਦਾ ਇਸ ਵਾਰ ਝਾੜ ਕਾਫੀ ਘਟਣ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ, ਜਿਸ ਸਬੰਧੀ ਕਿਸਾਨਾਂ ਵੱਲੋਂ ਇਸ ਹੋਏ ਨੁਕਸਾਨ ਦਾ ਮੁਆਵਜ਼ਾ ਲੈਣ ਦੀ ਮੰਗ ਨੇ ਜ਼ੋਰ ਫੜ੍ਹ ਲਿਆ ਹੈ। ਓਧਰ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਦੀਆਂ ਫਸਲਾਂ ਦਾ ਮੌਕੇ ’ਤੇ ਜਾ ਜਾਇਜ਼ਾ ਲੈਂਦੇ ਹੋਏ ਰਿਪੋਰਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਜ਼ਿਲੇ ਭਰ ਦੇ ਕਿਸਾਨਾਂ ਦੀ ਕਈ ਹਜ਼ਾਰ ਹੈਕਟੇਅਰ ਕਣਕ ਅਤੇ ਸਰੋਂ ਦੀ ਫਸਲ ਤੇਜ਼ ਹਵਾ ਅਤੇ ਮੀਂਹ ਕਾਰਨ ਜ਼ਮੀਨ ’ਤੇ ਵਿਛ ਗਈ ਹੈ।
ਇਹ ਵੀ ਪੜ੍ਹੋ- ਪੰਜਾਬੀਆਂ ਦੇ ਅਚਾਨਕ ਖੜਕਣ ਲੱਗੇ ਫੋਨ! ਨਾ ਨਿਕਲਿਓ ਘਰੋਂ ਬਾਹਰ, ਅਗਲੇ 3 ਦਿਨ ਅਹਿਮ
ਬੀਤੇ ਦੋ ਦਿਨਾਂ ਤੋਂ ਚੱਲੀਆਂ ਠੰਡੀਆਂ ਤੇਜ਼ ਹਵਾਵਾਂ ਅਤੇ ਐਤਵਾਰ ਤੜਕਸਾਰ ਪਏ ਤੇਜ਼ ਮੀਂਹ ਨੇ ਜਿੱਥੇ ਕਿਸਾਨਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ, ਉਥੇ ਤਾਪਮਾਨ ’ਚ ਆਈ ਅਚਾਨਕ ਜ਼ਿਆਦਾ ਗਿਰਾਵਟ ਨਾਲ ਇਕ ਵਾਰ ਫਿਰ ਸਰਦ ਰੁੱਤ ਸ਼ੁਰੂ ਹੁੰਦੀ ਨਜ਼ਰ ਆ ਰਹੀ ਹੈ। ਦੇਰ ਰਾਤ ਚੱਲੀ ਤੇਜ਼ ਠੰਡੀ ਹਵਾ ਕਾਰਨ ਕਿਸਾਨਾਂ ਵੱਲੋਂ ਬੀਜੀ ਗਈ ਕਣਕ, ਸਰੋਂ ਅਤੇ ਸਬਜ਼ੀਆਂ ਦੀ ਫਸਲ ਨੂੰ ਭਾਰੀ ਨੁਕਸਾਨ ਪੁੱਜਣ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ। ਇਸ ਖਰਾਬ ਮੌਸਮ ਕਾਰਨ ਪਸ਼ੂਆਂ ਦੇ ਚਾਰੇ ਦੀ ਫਸਲ ਉਪਰ ਵੀ ਕਾਫੀ ਮਾੜਾ ਅਸਰ ਪੈ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ: ਪਿਆਕੜਾਂ ਲਈ ਵੱਡੀ ਖੁਸ਼ਖਬਰੀ, ਟੁੱਟੇ ਸ਼ਰਾਬ ਦੇ ਰੇਟ
ਨਜ਼ਦੀਕੀ ਪਿੰਡਾਂ ਨੂਰਦੀ, ਕੱਦਗਿੱਲ, ਲਾਲੂ ਘੁੰਮਣ, ਮੰਨਣ, ਠੱਠੀ ਖਾਰਾ, ਦੋਬੁਰਜੀ, ਸਫੀਪੁਰ, ਅਲਾਦੀਨਪੁਰ, ਰਸੂਲਪੁਰ, ਪਲਾਸੌਰ, ਮਾਨੋਚਾਹਲ, ਸਰਹਾਲੀ ਖੁਰਦ ਆਦਿ ਦੇ ਨਿਵਾਸੀ ਕਿਸਾਨ ਗੁਰਪ੍ਰੀਤ ਸਿੰਘ, ਬਲਕਾਰ ਸਿੰਘ, ਨਿਰਵੈਲ ਸਿੰਘ, ਅਵਤਾਰ ਸਿੰਘ, ਹਰਜੀਤ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬੀਜੀ ਗਈ ਕਣਕ ਦੀ ਫਸਲ ਤਿਆਰ ਹੋਣ ਕੰਢੇ ਸੀ, ਜਿਸ ਦੀ ਵਿਸਾਖੀ ਮੌਕੇ ਕਟਾਈ ਸ਼ੁਰੂ ਹੋਣ ਜਾ ਰਹੀ ਸੀ ਪ੍ਰੰਤੂ ਪਿਛਲੇ ਕਰੀਬ 10 ਦਿਨਾਂ ਤੋਂ ਚੱਲ ਰਹੀ ਤੇਜ਼ ਹਨੇਰੀ, ਠੰਢੀ ਹਵਾ ਅਤੇ ਪੈ ਰਹੇ ਮੀਂਹ ਨੇ ਸੋਨੇ ਵਾਂਗ ਤਿਆਰ ਹੋਈ ਪੱਕੀ ਫਸਲ ਨੂੰ ਹੇਠਾਂ ਸੁੱਟ ਕੇ ਰੱਖ ਦਿੱਤਾ ਹੈ, ਜਿਸ ਨਾਲ ਕਣਕ ਦਾ ਦਾਣਾ ਦਾਗੀ ਹੋਣ ਦੇ ਨਾਲ ਝਾੜ ਕਾਫੀ ਘਟਣ ਦੇ ਆਸਾਰ ਪੈਦਾ ਹੋ ਗਏ ਹਨ। ਇਸੇ ਤਰ੍ਹਾਂ ਕਿਸਾਨਾਂ ਵੱਲੋਂ ਰੱਬ ਅੱਗੇ ਹੱਥ ਜੋੜ ਰਹਿਮ ਦੀ ਅਰਦਾਸ ਕੀਤੀ ਜਾ ਰਹੀ ਹੈ। ਕਿਸਾਨਾਂ ਦੱਸਿਆ ਕਿ ਐਤਵਾਰ ਤੜਕਸਾਰ ਪਏ ਤੇਜ਼ ਮੀਂਹ ਨਾਲ ਉਨ੍ਹਾਂ ਦੀ ਕਣਕ ਅਤੇ ਸਰੋਂ ਦੀ ਫਸਲ ਨੂੰ ਭਾਰੀ ਨੁਕਸਾਨ ਪੁੱਜਾ ਹੈ, ਜੋ ਜ਼ਮੀਨ ’ਤੇ ਡਿੱਗ ਚੁੱਕੀ ਹੈ, ਜਿਸ ਨਾਲ ਕਣਕ ਦਾ ਪ੍ਰਤੀ ਏਕੜ 2 ਤੋਂ 3 ਕੁਵਿੰਟਲ ਝਾੜ ਘੱਟ ਹੋਣ ਦੇ ਆਸਾਰ ਪੈਦਾ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਕਿਸਾਨ ਪਹਿਲਾਂ ਹੀ ਕਰਜ਼ ਦੇ ਬੋਝ ਹੇਠਾਂ ਆਏ ਹੋਏ ਹਨ, ਉਪਰੋਂ ਕੁਦਰਤੀ ਮਾਰ ਨੇ ਉਨ੍ਹਾਂ ਨੂੰ ਇਸ ਵਾਰ ਫਿਰ ਹੋਰ ਕਰਜ਼ ਹੇਠਾਂ ਕਰ ਦੇਣਾ ਹੈ। ਉਨ੍ਹਾਂ ਖੇਤੀਬਾੜੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਹੋਏ ਨੁਕਸਾਨ ਦਾ ਮੁਆਵਜ਼ਾ ਜ਼ਰੂਰ ਦਿੱਤਾ ਜਾਵੇ।
ਇਹ ਵੀ ਪੜ੍ਹੋ- ਲਾਲਜੀਤ ਭੁੱਲਰ ਅੰਮ੍ਰਿਤਸਰ ਅਦਾਲਤ 'ਚ ਪੇਸ਼
ਟੀਮਾਂ ਵੱਲੋਂ ਲਿਆ ਜਾ ਰਿਹਾ ਜਾਇਜ਼ਾ
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਇਸ ਹੋਈ ਬਾਰਿਸ਼ ਅਤੇ ਤੇਜ਼ ਹਵਾਵਾਂ ਨਾਲ ਜ਼ਿਲੇ ਅੰਦਰ ਕਣਕ ਅਤੇ ਸਰੋਂ ਦੀ ਖੜੀ ਫਸਲ ਜ਼ਮੀਨ ’ਤੇ ਵਿਛ ਗਈ ਹੈ, ਜਿਸ ਦਾ ਜਾਇਜ਼ਾ ਲੈਣ ਲਈ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਦੌਰਾ ਕਰ ਰਹੀਆਂ ਹਨ। ਇਸ ਸਬੰਧੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਬਣਦੀ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
