ਕੋਡਰਮਾ ''ਚ ਜੰਗਲੀ ਹਾਥੀ ਦਾ ਕਹਿਰ! ਔਰਤ ਸਮੇਤ ਦੋ ਲੋਕਾਂ ਦੀ ਮੌਤ, ਇਲਾਕੇ ''ਚ ਦਹਿਸ਼ਤ
Friday, Mar 27, 2026 - 12:51 AM (IST)
ਕੋਡਰਮਾ (ਝਾਰਖੰਡ): ਝਾਰਖੰਡ ਦੇ ਕੋਡਰਮਾ ਜ਼ਿਲ੍ਹੇ 'ਚ ਇੱਕ ਜੰਗਲੀ ਹਾਥੀ ਦੇ ਹਮਲੇ ਕਾਰਨ ਇੱਕ ਔਰਤ ਸਮੇਤ ਦੋ ਲੋਕਾਂ ਦੀ ਦਰਦਨਾਕ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜੰਗਲਾਤ ਅਧਿਕਾਰੀ ਰਾਮ ਬਾਬੂ ਨੇ ਵੀਰਵਾਰ ਨੂੰ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਸ਼ਾਮ ਨੂੰ ਕੋਡਰਮਾ ਪੁਲਸ ਥਾਣਾ ਖੇਤਰ ਦੇ ਅਧੀਨ ਪੈਂਦੇ ਮਰੀਅਮਪੁਰ ਵਿੱਚ ਇੱਕ ਹਾਥੀ ਨੇ 55 ਸਾਲਾ ਔਰਤ ਮਨੀਆ ਬਿਰਹੋਰਨੀ ਨੂੰ ਕੁਚਲ ਕੇ ਮਾਰ ਦਿੱਤਾ। ਇਸ ਹਮਲੇ ਵਿੱਚ ਇੱਕ ਹੋਰ ਔਰਤ ਵੀ ਜ਼ਖਮੀ ਹੋਈ ਹੈ, ਜਿਸ ਨੂੰ ਇਲਾਜ ਲਈ ਕੋਡਰਮਾ ਸਦਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਜੰਗਲਾਤ ਅਧਿਕਾਰੀ ਨੇ ਦੱਸਿਆ ਕਿ ਦੂਜੀ ਘਟਨਾ ਵੀ ਉਸੇ ਇਲਾਕੇ ਵਿੱਚ ਬੁੱਧਵਾਰ ਦੇਰ ਰਾਤ ਕਰੀਬ 2 ਵਜੇ ਵਾਪਰੀ। ਹਾਥੀ ਨੇ ਬਾਹਰ ਸੁੱਤੇ ਹੋਏ ਇਕ ਵਿਅਕਤੀ ਨੂੰ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦੇਵਘਰ ਜ਼ਿਲ੍ਹੇ ਦੇ ਪ੍ਰਵਾਸੀ ਮਜ਼ਦੂਰ ਬਾਲੇਸ਼ਵਰ ਸੋਰੇਨ ਵਜੋਂ ਹੋਈ ਹੈ।
ਕੋਡਰਮਾ ਦੇ ਖੇਤਰ ਅਧਿਕਾਰੀ ਰਵੀ ਭੂਸ਼ਣ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਤੁਰੰਤ ਰਾਹਤ ਵਜੋਂ 25,000 ਰੁਪਏ ਪ੍ਰਤੀ ਪਰਿਵਾਰ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਝਾਰਖੰਡ ਸਰਕਾਰ ਵੱਲੋਂ ਹਾਥੀ ਦੇ ਹਮਲੇ ਵਿੱਚ ਮੌਤ ਹੋਣ 'ਤੇ 4 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਂਦਾ ਹੈ। ਬਾਕੀ ਰਹਿੰਦੀ ਮੁਆਵਜ਼ਾ ਰਾਸ਼ੀ ਜ਼ਰੂਰੀ ਕਾਗਜ਼ੀ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਦਿੱਤੀ ਜਾਵੇਗੀ।
