ਪ੍ਰਮੋਦ ਸਾਵੰਤ ਨੇ ਦੂਜੀ ਵਾਰ ਚੁੱਕੀ ਗੋਆ ਦੇ ਮੁੱਖ ਮੰਤਰੀ ਵਜੋਂ ਸਹੁੰ

Monday, Mar 28, 2022 - 12:38 PM (IST)

ਪ੍ਰਮੋਦ ਸਾਵੰਤ ਨੇ ਦੂਜੀ ਵਾਰ ਚੁੱਕੀ ਗੋਆ ਦੇ ਮੁੱਖ ਮੰਤਰੀ ਵਜੋਂ ਸਹੁੰ

ਪਣਜੀ- ਪ੍ਰਮੋਦ ਸਾਵੰਤ ਨੇ ਸੋਮਵਾਰ ਯਾਨੀ ਕਿ ਅੱਜ ਦੂਜੀ ਵਾਰ ਗੋਆ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਰਾਜਪਾਲ ਸ਼੍ਰੀਧਰਨ ਪਿੱਲਈ ਨੇ ਸਾਵੰਤ ਨੂੰ ਅਹੁਦੇ ਦੀ ਸਹੁੰ ਚੁਕਾਈ। ਸਾਵੰਤ ਦੇ ਸਹੁੰ ਚੁੱਕ ਸਮਾਰੋਹ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਭਾਜਪਾ ਪ੍ਰਧਾਨ ਜੇ. ਪੀ. ਨੱਢਾ, ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਸ਼ਾਮਲ ਹੋਏ। ਸਹੁੰ ਚੁੱਕ ਸਮਾਗਮ ਪਣਜੀ ਦੇ ਨੇੜੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਸਟੇਡੀਅਮ ’ਚ ਆਯੋਜਿਤ ਕੀਤਾ ਗਿਆ।

ਸਾਵੰਤ ਦੇ ਕੋਂਕਣੀ ਭਾਸ਼ਾ ’ਚ ਸਹੁੰ ਚੁੱਕੀ। ਇਹ ਸੂਬੇ ਦੇ ਮੁੱਖ ਮੰਤਰੀ ਦੇ ਰੂਪ ’ਚ ਉਨ੍ਹਾਂ ਦਾ ਦੂਜਾ ਕਾਰਜਕਾਲ ਹੈ। ਸਾਵੰਤ ਨਾਲ 8 ਵਿਧਾਇਕਾਂ ਨੇ ਵੀ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ। ਇਨ੍ਹਾਂ ’ਚ ਵਿਸ਼ਵਜੀਤ ਰਾਣੇ, ਮੌਵਿਨ ਗੋਡਿਨਹੋ, ਰਵੀ ਨਾਇਕ, ਨੀਲੇਸ਼ ਕੈਬਰਾਲ, ਸੁਭਾਸ਼ ਸ਼ਿਰੋਡਕਰ, ਰੋਹਨ ਖੌਂਟੇ ਅਤੇ ਗੋਵਿੰਦ ਗੌੜੇ ਸ਼ਾਮਲ ਹਨ। ਦੱਸ ਦੇਈਏ ਕਿ ਪ੍ਰਮੋਦ ਸਾਵੰਤ, ਮੁੱਖ ਮੰਤਰੀ ਮਨੋਹਰ ਪਾਰਿਕਰ ਦੇ ਦਿਹਾਂਤ ਤੋਂ ਮਗਰੋਂ ਪਹਿਲੀ ਵਾਰ 2019 ’ਚ ਮੁੱਖ ਮੰਤਰੀ ਬਣੇ ਸਨ।

ਦੱਸ ਦੇਈਏ ਕਿ 14 ਫਰਵਰੀ ਨੂੰ ਹੋਈਆਂ ਚੋਣਾਂ ’ਚ ਭਾਜਪਾ ਨੇ 20 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ, ਜੋ ਕਿ 40 ਮੈਂਬਰੀ ਸਦਨ ’ਚ ਬਹੁਮਤ ਤੋਂ ਸਿਰਫ਼ ਇਕ ਘੱਟ ਹੈ। ਸਾਵੰਤ ਉੱਤਰੀ ਗੋਆ ਦੇ ਸਾਂਖਾਲਿਮ ਤੋਂ ਵਿਧਾਇਕ ਹਨ। 2017 ’ਚ ਜਦੋਂ ਮਨੋਹਰ ਪਾਰਿਕਰ ਦੀ ਅਗਵਾਈ ’ਚ ਭਾਜਪਾ ਨੇ ਆਪਣੀ ਸਰਕਾਰ ਬਣਾਈ ਤਾਂ ਉਨ੍ਹਾਂ ਨੂੰ ਵਿਧਾਨ ਸਭਾ ਸਪੀਕਰ ਚੁਣਿਆ ਗਿਆ ਸੀ। 


author

Tanu

Content Editor

Related News