''ਸਾਹਾਂ'' ’ਤੇ ਆਫਤ : ਪ੍ਰਦੂਸ਼ਣ ਦੀ ਮਾਰ ਬੱਚਿਆਂ ਲਈ ਬਣੀ ਮੁਸੀਬਤ
Tuesday, Oct 22, 2024 - 11:17 AM (IST)
ਜਲੰਧਰ/ਅੰਬਾਲਾ- ਇਸ ਨੂੰ ਬਦਲਦੇ ਮੌਸਮ ਦਾ ਅਸਰ ਕਹੋ ਜਾਂ ਅੱਜ-ਕੱਲ ਵਧ ਰਹੇ ਪ੍ਰਦੂਸ਼ਣ ਦੇ ਪੱਧਰ ਦਾ ਮਾੜਾ ਪ੍ਰਭਾਵ। ਬੱਚਿਆਂ ਨੂੰ ਸਵੇਰੇ ਘਰੋਂ ਸਕੂਲ ਜਾਣ ਸਮੇਂ ਅਤੇ ਫਿਰ ਚੱਲਦੀ ਕਲਾਸ ਵਿਚ ਵੀ ਮੂੰਹ ’ਤੇ ਹੱਥ ਰੱਖ ਕੇ ਖੰਘਦੇ ਦੇਖਿਆ ਜਾਣਾ ਆਮ ਗੱਲ ਹੋ ਗਈ ਹੈ। ਹਸਪਤਾਲਾਂ ਅਤੇ ਡਾਕਟਰਾਂ ਕੋਲ ਚੈੱਕਅੱਪ ਲਈ ਆਉਣ ਵਾਲੇ ਮਰੀਜ਼ਾਂ ਵਿਚ 70 ਫੀਸਦੀ 2 ਮਹੀਨਿਆਂ ਤੋਂ 10 ਸਾਲ ਤੱਕ ਦੀ ਉਮਰ ਦੇ ਬੱਚੇ ਹਨ। ਸਮੱਸਿਆ ਇਹ ਹੈ ਕਿ ਬੱਚਿਆਂ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ ਕਿਉਂਕਿ ਪ੍ਰਦੂਸ਼ਣ ਦੀ ਮਾਰ ਵਿਚਾਲੇ ਇਨਫਲੂਐਂਜ਼ਾ ਵਾਇਰਸ ਵੀ ਆ ਗਿਆ ਹੈ।
ਇਸ ਵਰਗ ਦੇ ਵੱਡੀ ਗਿਣਤੀ ’ਚ ਬੱਚੇ ਸਰਕਾਰੀ ਹਸਪਤਾਲਾਂ ਅਤੇ ਪ੍ਰਾਈਵੇਟ ਡਾਕਟਰਾਂ ਕੋਲ ਇਲਾਜ ਲਈ ਆ ਰਹੇ ਹਨ। ਇਨਫਲੂਐਂਜ਼ਾ ਵਾਇਰਸ ਦੇ ਲੱਛਣ ਕੋਰੋਨਾ ਵਾਇਰਸ ਵਰਗੇ ਹੀ ਹਨ। ਜੇਕਰ ਮਾਪੇ ਉਕਤ ਵਾਇਰਸ ਨੂੰ ਹਲਕੇ ’ਚ ਲੈਂਦੇ ਹਨ, ਤਾਂ ਕਈ ਵਾਰ ਇਹ ਵਾਇਰਸ ਬੱਚਿਆਂ ਲਈ ਘਾਤਕ ਸਿੱਧ ਹੋ ਸਕਦਾ ਹੈ।
ਪ੍ਰਦੂਸ਼ਣ ਕਾਰਨ ਸਾਹ ਲੈਣ ’ਚ ਸਮੱਸਿਆ
ਪ੍ਰਦੂਸ਼ਣ ਦੀ ਚਾਦਰ ਤੇਜ਼ੀ ਨਾਲ ਫੈਲ ਰਹੀ ਹੈ। ਦਿਨ ਪ੍ਰਤੀ ਦਿਨ ਹਵਾ ਗੁਣਵੱਤਾ ਸੂਚਕ ਅੰਕ ਮਤਲਬ ਏ. ਕਿਊ. ਆਈ. ਵਧਦਾ ਜਾ ਰਿਹਾ ਹੈ। ਅਸਮਾਨ ’ਚ ਧੂੰਏਂ ਦੇ ਕਾਲੇ ਪਰਛਾਵੇਂ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਮੌਸਮ ਦਾ ਇਹ ਮਿਜਾਜ਼ ਸਿਹਤ ਲਈ ਬੇਹੱਦ ਹਾਨੀਕਾਰਕ ਸਾਬਤ ਹੋ ਰਿਹਾ ਹੈ। ਸਾਹ ਲੈਣ ਵਿਚ ਤਕਲੀਫ਼ ਹੁੰਦੀ ਹੈ। ਖਾਸ ਤੌਰ ’ਤੇ ਬੱਚਿਆਂ ਦੀ ਸਿਹਤ ’ਤੇ ਇਸ ਦਾ ਅਸਰ ਜ਼ਿਆਦਾ ਪੈ ਰਿਹਾ ਹੈ।
ਪ੍ਰਦੂਸ਼ਣ ਦਾ ਮੌਜੂਦਾ ਪੱਧਰ ਡਰਾਉਣਾ ਹੈ, ਜਦੋਂ ਕਿ ਦੀਵਾਲੀ ਦਾ ਤਿਉਹਾਰ ਅਜੇ ਆਉਣਾ ਬਾਕੀ ਹੈ। ਆਉਣ ਵਾਲੇ 10-15 ਦਿਨ ਸਾਹ ਲੈਣ ਲਈ ਕਿੰਨੇ ਖ਼ਤਰਨਾਕ ਸਾਬਤ ਹੋਣਗੇ, ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਦਿੱਲੀ-ਐੱਨ. ਸੀ. ਆਰ. ਵਿਚ ਏ. ਕਿਊ. ਆਈ. ਦਾ ਪੱਧਰ ‘ਖਰਾਬ’ ਤੋਂ ‘ਬੇਹੱਦ ਖਰਾਬ’ ਹੋ ਗਿਆ ਹੈ। ਇਸ ਦੇ ਨਾਲ ਹੀ ਹੋਰਨਾਂ ਥਾਵਾਂ ’ਤੇ ਵੀ ਵਾਤਾਵਰਣ ਸ਼ੁੱਧ ਨਹੀਂ ਹੈ। ਪਰਾਲੀ ਨੂੰ ਅੱਗ ਲਾਉਣਾ ਇਸ ਜ਼ਹਿਰ ਦੇ ਵਾਤਾਵਰਣ ਵਿਚ ਘੁਲਣ ਦਾ ਸਭ ਤੋਂ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ, ਜਦਕਿ ਇਸ ਤੋਂ ਬਾਅਦ ਵਾਹਨਾਂ ਅਤੇ ਫੈਕਟਰੀਆਂ ਵਿਚੋਂ ਨਿਕਲਦਾ ਜ਼ਹਿਰੀਲਾ ਧੂੰਆਂ ਵੀ ਇਸ ਦਾ ਵੱਡਾ ਕਾਰਨ ਹੈ। ਐੱਨ. ਜੀ. ਟੀ. (ਨੈਸ਼ਨਲ ਗ੍ਰੀਨ ਟ੍ਰਿਬਿਊਨਲ) ਦੀ ਸਖ਼ਤੀ ਦੇ ਬਾਵਜੂਦ ਸਥਿਤੀ ਵਿਗੜ ਰਹੀ ਹੈ।
ਦੋ ਮਹੀਨੇ ਤੇਜ਼ੀ ਨਾਲ ਵਧਦੀ ਸਮੱਸਿਆ
ਹਰ ਸਾਲ ਇਨ੍ਹੀਂ ਦਿਨੀਂ ਮਤਲਬ ਅਕਤੂਬਰ-ਨਵੰਬਰ ਦੌਰਾਨ ਵਾਤਾਵਰਨ ਵਿਚ ਪ੍ਰਦੂਸ਼ਣ ਦਾ ਪੱਧਰ ਤੇਜ਼ੀ ਨਾਲ ਵਧਦਾ ਹੈ। ਮੌਸਮ ਵਿਗਿਆਨੀ ਅਤੇ ਵਾਤਾਵਰਣ ਮਾਹਿਰ ਇਸ ਦੇ ਵੱਖ-ਵੱਖ ਕਾਰਨ ਦੱਸਦੇ ਹਨ ਪਰ ਨਤੀਜਾ ਇਕ ਹੀ ਹੈ ਅਤੇ ਉਹ ਹੈ ਸਿਹਤ ’ਤੇ ਮਾੜਾ ਪ੍ਰਭਾਵ। ਆਮ ਦਿਨਾਂ ’ਚ ਪੀ. ਐੱਮ. 10 ’ਤੇ ਏ. ਕਿਊ. ਆਈ. ਜਿੱਥੇ ਪਹਿਲਾਂ 100 ਜਾਂ 150 ਦੇ ਕਰੀਬ ਹੁੰਦਾ ਸੀ, ਅੱਜ-ਕੱਲ ਇਹ 200 ਨੂੰ ਪਾਰ ਕਰਕੇ 300 ਤੋਂ 400 ਤੱਕ ਪਹੁੰਚ ਜਾਂਦਾ ਹੈ ਅਤੇ ਜ਼ਿਆਦਾਤਰ ਹਿੱਸਿਆਂ ਵਿਚ 500 ਤੱਕ ਵੀ ਪਹੁੰਚ ਜਾਂਦਾ ਹੈ, ਜੋ ਸਾਹ ਲੈਣ ਲਈ ਬਹੁਤ ਖਤਰਨਾਕ ਹੋ ਜਾਂਦਾ ਹੈ। ਕਿਉਂਕਿ ਇਨ੍ਹਾਂ ਦਿਨਾਂ ’ਚ ਝੋਨੇ ਦੀ ਵਾਢੀ ਹੁੰਦੀ ਹੈ ਅਤੇ ਹਰਿਆਣਾ-ਪੰਜਾਬ ’ਚ ਕਈ ਕਿਸਾਨ ਝੋਨੇ ਦੀ ਰਹਿੰਦ-ਖੂੰਹਦ ਨੂੰ ਸਾੜ ਦਿੰਦੇ ਹਨ, ਜਿਸ ਨੂੰ ਪ੍ਰਦੂਸ਼ਣ ਦਾ ਵੱਡਾ ਕਾਰਨ ਮੰਨਿਆ ਜਾਂਦਾ ਹੈ।
ਉੱਥੇ ਹੀ ਖੇਤੀ ਮਾਹਿਰ ਅਤੇ ਮੌਸਮ ਵਿਗਿਆਨੀ ਇਸ ਦਾ ਇਕ ਹੋਰ ਕਾਰਨ ਵੀ ਦੱਸਦੇ ਹਨ। ਉਨ੍ਹਾਂ ਅਨੁਸਾਰ ਇਨ੍ਹਾਂ ਮਹੀਨਿਆਂ ਦੌਰਾਨ ਹਵਾ ਦੀ ਘੱਟ ਰਫ਼ਤਾਰ, ਠੰਡ ਅਤੇ ਤਾਪਮਾਨ ਵਿਚ ਵਾਧਾ ਹੋਣ ਕਾਰਨ ਧੂੰਆਂ ਨਾ ਤਾਂ ਉੱਪਰਲੀ ਸਤ੍ਹਾ ਤਕ ਉੱਠਦਾ ਹੈ ਅਤੇ ਨਾ ਹੀ ਦੂਰ ਤੱਕ ਜਾਂਦਾ ਹੈ, ਬੱਸ ਸਥਾਨਕ ਖੇਤਰ ਵਿਚ ਹੀ ਰੁਕ ਜਾਂਦਾ ਹੈ, ਜਿਸ ਨਾਲ ਹਵਾ ਪ੍ਰਦੂਸ਼ਣ ਵਧਦਾ ਹੈ। 1 ਅਕਤੂਬਰ ਤੋਂ 30 ਨਵੰਬਰ ਤੱਕ ਰਾਸ਼ਟਰੀ ਰਾਜਧਾਨੀ ਖੇਤਰ ਦੇ ਹਵਾ ਪ੍ਰਦੂਸ਼ਣ ਵਿਚ ਪਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਦਾ ਔਸਤ ਹਿੱਸਾ ਸਿਰਫ 20 ਫੀਸਦੀ ਹੈ। ਹਾਲਾਂਕਿ ਕਾਰਨ ਜੋ ਵੀ ਹੋਵੇ, ਸਾਹਾਂ ’ਤੇ ਖ਼ਤਰਾ ਵਧ ਗਿਆ ਹੈ।
ਪ੍ਰਦੂਸ਼ਣ ਕਾਰਨ ਬੱਚਿਆਂ ’ਚ ਵਧ ਰਹੀਆਂ ਬੀਮਾਰੀਆਂ
ਪ੍ਰਦੂਸ਼ਣ ਦਾ ਵਧਦਾ ਪੱਧਰ ਬੱਚਿਆਂ ਵਿਚ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਪੈਦਾ ਕਰ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਰਹਿਣ ਵਾਲੇ ਬੱਚੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਪੀੜਤ ਹਨ।
ਅਸਥਮਾ- ਪ੍ਰਦੂਸ਼ਣ ਕਾਰਨ ਬੱਚਿਆਂ ’ਚ ਅਸਥਮਾ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਹਵਾ ਵਿਚ ਮੌਜੂਦ ਬਰੀਕ ਕਣ ਅਤੇ ਧੂੰਆਂ ਫੇਫੜਿਆਂ ਨੂੰ ਪ੍ਰਭਾਵਿਤ ਕਰਦੇ ਹਨ, ਜਿਸ ਕਾਰਨ ਬੱਚਿਆਂ ਨੂੰ ਸਾਹ ਲੈਣ ਵਿਚ ਮੁਸ਼ਕਿਲ ਆਉਂਦੀ ਹੈ। ਦਮੇ ਦੇ ਦੌਰੇ ਕਾਰਨ ਬਹੁਤ ਸਾਰੇ ਬੱਚੇ ਸਕੂਲ ਨਹੀਂ ਜਾ ਸਕਦੇ ਅਤੇ ਉਨ੍ਹਾਂ ਦੀਆਂ ਸਰੀਰਕ ਗਤੀਵਿਧੀਆਂ ਵਿਚ ਵੀ ਵਿਘਨ ਪੈ ਜਾਂਦਾ ਹੈ।
ਬ੍ਰੌਂਕਾਈਟਿਸ- ਹਵਾ ਪ੍ਰਦੂਸ਼ਣ ਕਾਰਨ ਬੱਚਿਆਂ ਵਿਚ ਬ੍ਰੌਂਕਾਈਟਸ ਦੇ ਮਾਮਲੇ ਵੀ ਵਧ ਰਹੇ ਹਨ। ਇਸ ਹਾਲਤ ’ਚ ਬੱਚਿਆਂ ਦੀ ਸਾਹ ਪ੍ਰਣਾਲੀ ’ਚ ਸੋਜ ਆ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਖੰਘ, ਸਾਹ ਚੜ੍ਹਨਾ ਅਤੇ ਛਾਤੀ ’ਚ ਦਰਦ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਐਲਰਜੀ- ਪ੍ਰਦੂਸ਼ਣ ਕਾਰਨ ਬੱਚਿਆਂ ਵਿਚ ਐਲਰਜੀ ਦੇ ਲੱਛਣ ਵਧ ਰਹੇ ਹਨ। ਬੱਚਿਆਂ ਵਿਚ ਅੱਖਾਂ ਵਿਚ ਜਲਣ, ਨੱਕ ਵਗਣਾ, ਛਿੱਕਾਂ ਆਉਣਾ ਅਤੇ ਚਮੜੀ ’ਤੇ ਧੱਫੜ ਪੈਣ ਵਰਗੇ ਲੱਛਣ ਆਮ ਹੋ ਗਏ ਹਨ। ਧੂੜ ਅਤੇ ਧੂੰਏਂ ਪ੍ਰਤੀ ਅਤਿ ਸੰਵੇਦਨਸ਼ੀਲਤਾ ਦੇ ਕਾਰਨ ਕੁਝ ਬੱਚਿਆਂ ਵਿਚ ਇਹ ਸਥਿਤੀ ਗੰਭੀਰ ਹੋ ਸਕਦੀ ਹੈ।
ਅੱਖਾਂ ਅਤੇ ਚਮੜੀ ਦੀਆਂ ਸਮੱਸਿਆਵਾਂ- ਹਵਾ ਵਿਚ ਹਾਨੀਕਾਰਕ ਤੱਤਾਂ ਦੀ ਮੌਜੂਦਗੀ ਕਾਰਨ ਬੱਚਿਆਂ ਵਿਚ ਅੱਖਾਂ ਵਿਚ ਸੋਜ ਅਤੇ ਲਾਲੀ ਦੀ ਸਮੱਸਿਆ ਤੇਜ਼ੀ ਨਾਲ ਵਧ ਰਹੀ ਹੈ। ਇਸ ਤੋਂ ਇਲਾਵਾ ਪ੍ਰਦੂਸ਼ਣ ਬੱਚਿਆਂ ਦੀ ਚਮੜੀ ’ਤੇ ਵੀ ਅਸਰ ਪਾਉਂਦਾ ਹੈ, ਜਿਸ ਨਾਲ ਖੁਜਲੀ ਅਤੇ ਸੋਜ ਹੋ ਜਾਂਦੀ ਹੈ।