ਦਿੱਲੀ ''ਚ ਪ੍ਰਦੂਸ਼ਣ ਫਿਰ ਖਤਰਨਾਕ ਪੱਧਰ ''ਤੇ, ਲੋਕਾਂ ਨੂੰ ਸਾਹ ਲੈਣ ''ਚ ਹੋ ਰਹੀ ਹੈ ਪ੍ਰੇਸ਼ਾਨੀ

11/13/2017 12:28:54 AM

ਨਵੀਂ ਦਿੱਲੀ—ਦੇਸ਼ ਦੀ ਰਾਜਧਾਨੀ ਦਿੱਲੀ 'ਚ ਪ੍ਰਦੂਸ਼ਣ ਦਾ ਪੱਧਰ ਵੱਧਦਾ ਹੀ ਜਾ ਰਿਹਾ ਹੈ। ਐਤਵਾਰ ਨੂੰ ਏਅਰ ਕੁਆਲਿਟੀ ਬਹੁਤ ਖਤਰਨਾਕ ਪੱਧਰ 'ਤੇ ਪਹੁੰਚ ਗਈ। ਜਦਕਿ ਇਕ ਦਿਨ ਪਹਿਲਾਂ ਪ੍ਰਦੂਸ਼ਣ 'ਚ ਥੋੜੀ ਕਮੀ ਦੇਖੀ ਗਈ ਸੀ। ਹਾਲਾਤ ਕਿੰਨੇ ਖਰਾਬ ਹੋ ਗਏ ਹਨ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਵਾਤਾਵਰਣ ਏਜੰਸੀਆ ਨੇ ਸਾਫ ਕਿਹਾ ਹੈ ਕਿ ਰਾਜਧਾਨੀ ਦੀ ਹਵਾ ਸਾਹ ਲੈਣ ਯੋਗ ਨਹੀਂ ਹੈ। ਸਿਹਤਮੰਦ ਲੋਕਾਂ ਲਈ ਵੀ ਇਹ ਹਵਾ ਨੁਕਸਾਨਦਾਇਕ ਹੈ। 
ਦੂਜੇ ਪਾਸੇ ਦਿੱਲੀ ਸਰਕਾਰ ਵਲੋਂ 5 ਦਿਨਾਂ ਦੀ ਛੁੱਟੀ ਤੋਂ ਬਾਅਦ ਦਿੱਲੀ ਦੇ ਸਾਰੇ ਸਕੂਲ ਸੋਮਵਾਰ ਨੂੰ ਖੁੱਲ੍ਹਣਗੇ। ਹਾਲਾਂਕਿ ਰਾਸ਼ਟਰੀ ਰਾਜਧਾਨੀ ਖੇਤਰ ਅਤੇ ਗੁਰੂਗ੍ਰਾਮ ਨੇ ਸੋਮਵਾਰ ਨੂੰ ਵੀ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ ਹੈ।


ਦਿੱਲੀ ਸਰਕਾਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਕੂਲ ਸੋਮਵਾਰ ਤੋਂ ਫਿਰ ਖੋਲੇ ਜਾਣਗੇ ਅਤੇ ਛੁੱਟੀ ਅੱਗੇ ਨਹੀਂ ਵਧਾਈ ਜਾਵੇਗੀ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਤੋਂ ਪ੍ਰਦੂਸ਼ਣ ਕਾਰਣ ਦਿੱਲੀ 'ਚ ਸਮੋਗ ਛਾਇਆ ਹੋਇਆ ਹੈ, ਜਿਸ ਨਾਲ ਲੋਕਾਂ ਨੂੰ ਸਾਹ ਲੈਣ 'ਚ ਤਕਲੀਫ ਹੋ ਰਹੀ ਹੈ। ਏ.ਕਿਊ.ਆਈ.ਸੀ.ਐੱਨ. ਮੁਤਾਬਕ ਆਰ.ਕੇ.ਪੁਰਮ 'ਚ ਹਵਾ ਕੁਆਲਟੀ ਸੂਚੀ 675 (ਖਤਰਨਾਕ) ਅਤੇ ਅਨੰਦ ਵਿਹਾਰ 'ਚ 591 (ਖਤਰਨਾਕ) ਰਿਹਾ।
ਪ੍ਰਦੂਸ਼ਣ ਦੀ ਨਿਗਰਾਨੀ ਕਰਨ ਵਾਲੀਆਂ ਏਜੰਸੀਆਂ ਨੇ ਕਿਹਾ ਕਿ ਸੋਮਵਾਰ ਸ਼ਾਮ ਤੋਂ ਤੇਜ਼ ਹਵਾਵਾਂ ਚੱਲ ਸਕਦੀਆਂ ਹਨ, ਜਿਸ ਨਾਲ ਹਾਲਾਤ ਸੁਧਰਨ ਦੀ ਉਮੀਦ ਹੈ। ਸਿਸਟਮ ਆਫ ਏਅਰ ਕੁਆਲਟੀ ਐਂਡ ਵੇਦਰ ਫਾਰਕਾਸਟਿੰਗ ਐਂਡ ਰਿਸਰਚ ਨੇ ਕਿਹਾ ਕਿ 14 ਨਵੰਬਰ ਨੂੰ ਸ਼ਾਮ 'ਚ ਮੀਂਹ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਮਾਹਰਾਂ ਦਾ ਕਹਿਣਾ ਹੈ ਕਿ ਮੀਂਹ ਨਾਲ ਕੁਝ ਸਮੇਂ ਲਈ ਹੀ ਰਾਹਤ ਮਿਲੇਗੀ।


Related News