ਵਿਦੇਸ਼ ਯਾਤਰਾ ’ਤੇ ਜਾਂਦੇ ਸਮੇਂ ਆਪਣਾ ‘ਰਾਜਨੀਤਕ ਚਸ਼ਮਾ’ ਦੇਸ਼ ’ਚ ਛੱਡੋ : ਧਨਖੜ
Tuesday, Apr 11, 2023 - 11:47 AM (IST)

ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਹਾਲੀਆ ਬ੍ਰਿਟੇਨ ਯਾਤਰਾ ਦੌਰਾਨ ਕੀਤੀ ਗਈ ਟਿੱਪਣੀ ਨੂੰ ਲੈ ਕੇ ਉੱਠੇ ਵਿਵਾਦ ਵੱਲ ਇਸ਼ਾਰਾ ਕਰਦੇ ਹੋਏ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਸੋਮਵਾਰ ਨੂੰ ਕਿਹਾ ਕਿ ਵਿਦੇਸ਼ ਯਾਤਰਾ ’ਤੇ ਜਾਂਦੇ ਸਮੇਂ ਲੋਕਾਂ ਨੂੰ ਆਪਣਾ ‘ਰਾਜਨੀਤਕ ਚਸ਼ਮਾ’ ਦੇਸ਼ ’ਚ ਛੱਡ ਦੇਣਾ ਚਾਹੀਦਾ ਹੈ।
ਵਿਸ਼ਵ ਹੋਮੀਓਪੈਥੀ ਦਿਵਸ ’ਤੇ ਆਯੋਜਿਤ ਇਕ ਸਮਾਰੋਹ ’ਚ ਧਨਖੜ ਨੇ ਕਿਹਾ ਕਿ ਭਾਰਤ 2047 ’ਚ ਆਪਣੀ ਆਜ਼ਾਦੀ ਦੀ ਸ਼ਤਾਬਦੀ ਦੀ ਨੀਂਹ ਰੱਖ ਰਿਹਾ ਹੈ। ਅਜਿਹੇ ’ਚ ਦੇਸ਼ ਦੀ ਸ਼ਾਨ ’ਤੇ ਹਮਲਾ ਕਰਨ ਦੀ ਹਰ ਕੋਸ਼ਿਸ਼ ਨੂੰ ਨਾਕਾਮ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਸਵਾਲ ਕੀਤਾ, ''ਕੀ ਤੁਸੀਂ ਕਦੇ ਇਸ ਮਹਾਨ ਲੋਕਤੰਤਰ ਦੀ ਯਾਤਰਾ ’ਤੇ ਆਏ ਕਿਸੇ ਵਿਦੇਸ਼ੀ ਪਤਵੰਤੇ ਵਿਅਕਤੀ ਜਾਂ ਵਿਦੇਸ਼ੀ ਨਾਗਰਿਕ ਨੂੰ ਆਪਣੇ ਦੇਸ਼ ਦੀ ਨਿੰਦਾ ਕਰਦੇ ਜਾਂ ਉਸ ਦੀ ਆਲੋਚਨਾ ਕਰਦੇ ਹੋਏ ਵੇਖਿਆ ਹੈ? ਜਵਾਬ ਸਪੱਸ਼ਟ ਤੌਰ ’ਤੇ ਨਹੀਂ ਹੈ। ਅਸੀਂ ਆਪਣੇ ਵਿਗਿਆਨੀਆਂ, ਸਿਹਤ ਯੋਧਿਆਂ ’ਤੇ ਮਾਣ ਕਿਉਂ ਨਹੀਂ ਕਰ ਸਕਦੇ ਅਤੇ ਸਾਡੇ ਇਨੋਵੇਸ਼ਨਸ ਦੀ ਸ਼ਲਾਘਾ ਕਿਉਂ ਨਹੀਂ ਕਰ ਸਕਦੇ?''