ਬਾਫਲਿਆਜ਼ ਪੀੜਤਾਂ ਦੇ ਘਰਾਂ ’ਚ ਜਾਣ ਤੋਂ ਰੋਕਣ ’ਤੇ ਮਹਿਬੂਬਾ ਨੇ ਸੜਕ ’ਤੇ ਦਿੱਤਾ ਧਰਨਾ
Sunday, Dec 31, 2023 - 12:36 PM (IST)
ਪੁੰਛ, (ਧਨੁਜ)- ਬਾਫਲਿਆਜ਼ ਅੱਤਵਾਦੀ ਹਮਲੇ ਤੋਂ ਬਾਅਦ ਪੁੱਛਗਿੱਛ ਲਈ ਫੜੇ ਗਏ 3 ਨਾਗਰਿਕਾਂ ਦੀ ਮੌਤ ਤੋਂ ਬਾਅਦ ਬਾਫਲਿਆਜ਼ ਦਾ ‘ਟੋਪਾ ਪੀਰ’ ਇਲਾਕਾ ਪੂਰੀ ਤਰ੍ਹਾਂ ਸਿਅਾਸਤ ਦਾ ਧੁਰਾ ਬਣ ਗਿਆ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਡੇ ਆਗੂ ਵਰਕਰਾਂ ਸਮੇਤ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੇ ਹਨ। ਸਿਆਸਤਦਾਨਾਂ ਵੱਲੋਂ ਵੀ ਇਸ ਮੁੱਦੇ ਨੂੰ ਲੈ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ਨੀਵਾਰ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀ. ਡੀ. ਪੀ. ਦੀ ਪ੍ਰਧਾਨ ਮਹਿਬੂਬਾ ਮੁਫਤੀ ਜਦੋਂ ਪੀੜਤ ਪਰਿਵਾਰ ਨੂੰ ਮਿਲਣ ਗਈ ਤਾਂ ਪੁਲਸ ਨੇ ਉਨ੍ਹਾਂ ਨੂੰ ਉਥੇ ਜਾਣ ਤੋਂ ਰੋਕ ਦਿੱਤਾ।
ਇਸ ਤੋਂ ਬਾਅਦ ਮਹਿਬੂਬਾ ਮੁਫਤੀ ਵਰਕਰਾਂ ਨਾਲ ਜ਼ਬਰਦਸਤੀ ਪੁਲਸ ਦੀ ਨਾਕਾਬੰਦੀ ਤੋੜ ਕੇ ਟੋਪਾ ਪੀਰ ਵੱਲ ਪੈਦਲ ਰਵਾਨਾ ਹੋ ਗਈ। ਜਦੋਂ ਪੁਲਸ ਨੇ ਉਨ੍ਹਾਂ ਨੂੰ ਦੁਬਾਰਾ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮਹਿਬੂਬਾ ਨੇ ਆਪਣੇ ਸਮਰਥਕਾਂ ਨਾਲ ਸੜਕ ’ਤੇ ਬੈਠ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਮਹਿਬੂਬਾ ਮੁਫਤੀ ਨੇ ਕਿਹਾ ਕਿ ਮੈਂ ਲੋਕਾਂ ਦਾ ਦਰਦ ਸਾਂਝਾ ਕਰਨ ਜਾ ਰਹੀ ਸੀ ਪਰ ਮੈਨੂੰ ਜ਼ਬਰਦਸਤੀ ਰੋਕਿਆ ਗਿਆ। ਹਰ ਆਗੂ ਨੂੰ ਪੀੜਤਾਂ ਦੇ ਘਰ ਜਾਣ ਦਿੱਤਾ ਗਿਆ। ਰਵਿੰਦਰ ਰੈਨਾ ਭਾਰੀ ਸਮਰਥਕਾਂ ਨਾਲ ਪਾਲਕੀ ’ਚ ਸਵਾਰ ਹੋ ਕੇ ਗਏ । ਉਨ੍ਹਾਂ ਲਈ ਸਭ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ। ਆਖਿਰ ਮੈਨੂੰ ਕਿਉਂ ਰੋਕਿਆ ਗਿਆ? ਕੀ ਉਨ੍ਹਾਂ ਦੇ ਕਿਸੇ ਭੇਦ ਦਾ ਪਰਦਾਫਾਸ਼ ਹੋਵੇਗਾ? ਉਨ੍ਹਾਂ ਬੇਕਸੂਰ ਲੋਕਾਂ ’ਤੇ ਤਸ਼ੱਦਦ ਕੀਤਾ, ਮੇਰੇ ’ਤੇ ਤਸ਼ੱਦਦ ਕੀਤਾ ਗਿਆ। ਅਸੀਂ ਇਹ ਕਦੋਂ ਤੱਕ ਬਰਦਾਸ਼ਤ ਕਰਾਂਗੇ?
ਮਹਿਬੂਬਾ ਮੁਫਤੀ ਜਦੋਂ ਆਪਣੇ ਵਰਕਰਾਂ ਨਾਲ ਸੜਕ ’ਤੇ ਧਰਨੇ ’ਤੇ ਬੈਠੀ ਸੀ ਤਾਂ ਉਨ੍ਹਾਂ ਭੜਕਾਊ ਬਿਆਨ ਵੀ ਦਿੱਤਾ। ਪੁਲਸ ਨੇ ਵਰਕਰਾਂ ਨੂੰ ਉਥੋਂ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਨਾ ਉੱਠੇ ਤਾਂ ਪੁਲਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਮੋਟਰ-ਗੱਡੀਆਂ ਵਿੱਚ ਬਿਠਾ ਕੇ ਉੱਥੋਂ ਲੈ ਗਈ।