ਵਧਦੀਆਂ ਅੱਤਵਾਦੀ ਘਟਨਾਵਾਂ ਨੂੰ ਲੈ ਕੇ ਪੁਲਸ ਅਤੇ BSF ਅਧਿਕਾਰੀਆਂ ਨੇ ਸੁਰੱਖਿਆ ਵਿਵਸਥਾ ’ਤੇ ਕੀਤੀ ਚਰਚਾ

Friday, Jul 12, 2024 - 12:23 AM (IST)

ਕਠੂਆ/ਜੰਮੂ- ਪਾਕਿਸਤਾਨ ਵਲੋਂ ਅੱਤਵਾਦ ਨੂੰ ਜੰਮੂ ਡਵੀਜ਼ਨ ’ਚ ਵਧਾਉਣ ਦੇ ਮਕਸਦ ਨਾਲ ਪਿਛਲੇ ਦਿਨੀਂ ਵਧਾਈਆਂ ਗਈਆਂ ਗਤੀਵਿਧੀਆਂ ਨੂੰ ਲੈ ਕੇ ਜੰਮੂ-ਕਸ਼ਮੀਰ ਪੁਲਸ, ਪੰਜਾਬ ਪੁਲਸ ਅਤੇ ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਨੇ ਸੁਰੱਖਿਆ ਵਿਵਸਥਾ ਨੂੰ ਲੈ ਕੇ ਚਰਚਾ ਕੀਤੀ।

ਬਾਰਡਰ ਤੋਂ ਹੋਣ ਵਾਲੀ ਘੁਸਪੈਠ ਅਤੇ ਅੱਤਵਾਦੀਆਂ ਦੀਆਂ ਵਧਦੀਆਂ ਗਤੀਵਿਧੀਆਂ ਨੂੰ ਲੈ ਕੇ ਜੰਮੂ-ਕਸ਼ਮੀਰ ਪੁਲਸ ਦੇ ਡੀ. ਜੀ. ਪੀ. ਆਰ. ਆਰ. ਸਵੈਨ, ਪੰਜਾਬ ਪੁਲਸ ਦੇ ਡੀ. ਜੀ. ਪੀ. ਗੌਰਵ ਯਾਦਵ ਅਤੇ ਬੀ. ਐੱਸ. ਐੱਫ. ਦੇ ਵੈਸਟਰਨ ਕਮਾਂਡ ਦੇ ਸਪੈਸ਼ਲ ਡੀ. ਜੀ. ਵਾਈ. ਬੀ. ਖੁਰਾਨੀਆ ਨੇ ਕਠੂਆ ’ਚ ਸੁਰੱਖਿਆ ਵਿਵਸਥਾ ਨੂੰ ਲੈ ਕੇ ਚਰਚਾ ਕੀਤੀ।

ਬਾਰਡਰ ਤੋਂ ਸੰਭਾਵੀ ਘੁਸਪੈਠ ਕਰ ਕੇ ਆਏ ਅੱਤਵਾਦੀਆਂ ਨੇ ਹੀਰਾਨਗਰ, ਊਧਮਪੁਰ, ਡੋਡਾ ਅਤੇ ਕਠੂਆ ਜ਼ਿਲੇ ਦੇ ਬਿਲਾਵਰ ’ਚ ਫੌਜ, ਪੁਲਸ ’ਤੇ ਹਮਲਾ ਕੀਤਾ ਸੀ, ਜਿਸ ’ਚ 5 ਜਵਾਨ ਸ਼ਹੀਦ ਹੋ ਗਏ ਜਦਕਿ ਕਈ ਜ਼ਖਮੀ ਹੋ ਗਏ। ਪਾਕਿਸਤਾਨ ਵਲੋਂ ਲਗਾਤਾਰ ਘੁਸਪੈਠ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜੰਮੂ-ਕਸ਼ਮੀਰ ਹੀ ਨਹੀਂ ਸਗੋਂ ਪੰਜਾਬ ਦੇ ਕਈ ਸੈਕਟਰਾਂ ’ਚ ਵੀ ਅਜਿਹੀਆਂ ਕੋਸ਼ਿਸ਼ਾਂ ਹੋਈਆਂ ਹਨ। ਬੈਠਕ ’ਚ ਅਧਿਕਾਰੀਆਂ ਨੇ ਸੰਭਾਵਨਾ ਜਤਾਈ ਕਿ ਅੱਤਵਾਦੀ ਕੌਮਾਂਤਰੀ ਬਾਰਡਰ ਤੋਂ ਭਾਰਤੀ ਇਲਾਕੇ ’ਚ ਘੁਸਪੈਠ ਕਰਨ ’ਚ ਸਫਲ ਹੋਏ ਹਨ। ਨਦੀ-ਨਾਲਿਆਂ ਰਾਹੀਂ ਇਹ ਅੱਤਵਾਦੀ ਕਠੂਆ, ਊਧਮਪੁਰ ਅਤੇ ਡੋਡਾ ਤੱਕ ਪਹੁੰਚੇ ਹਨ।

ਜ਼ਿਕਰਯੋਗ ਹੈ ਕਿ ਕਠੂਆ ਜ਼ਿਲੇ ਦੇ ਬਿਲਾਵਰ ’ਚ ਪੈਂਦੇ ਮਛੇੜੀ ਦੇ ਬਦਨੌਤਾ ’ਚ ਹੋਏ ਅੱਤਵਾਦੀ ਹਮਲੇ ਤੋਂ ਪਹਿਲਾਂ ਲੋਕਾਂ ਨੇ ਸ਼ੱਕੀ ਲੋਕਾਂ ਦੇ ਘੁੰਮਣ ਬਾਰੇ ਸਾਵਧਾਨ ਕੀਤਾ ਸੀ। 1990 ਦੇ ਦਹਾਕੇ ’ਚ ਡੋਡਾ, ਕਿਸ਼ਤਵਾੜ, ਊਧਮਪੁਰ ਅਤੇ ਬਨੀ ਜਾਣ ਵਾਲੇ ਅੱਤਵਾਦੀਆਂ ਲਈ ਹੀਰਾਨਗਰ, ਕਠੂਆ ਅਤੇ ਸਾਂਬਾ ਸੈਕਟਰ ਤੋਂ ਘੁਸਪੈਠ ਕਰਨਾ ਸੌਖਾ ਹੁੰਦਾ ਰਿਹਾ ਅਤੇ ਨਦੀ-ਨਾਲਿਆਂ ਤੋਂ ਇਹ ਘੁਸਪੈਠ ਕਰਦੇ ਰਹੇ ਹਨ। ਤਾਰਬੰਦੀ ਦੇ ਬਾਵਜੂਦ ਮੌਕਾ ਮਿਲਣ ’ਤੇ ਅੱਤਵਾਦੀ ਘੁਸਪੈਠ ਕਰਨ ’ਚ ਸਫਲ ਰਹੇ ਹਨ। ਹੁਣ ਤਿੰਨੋਂ ਦਸਤਿਆਂ ਨੇ ਇਕੱਠੇ ਬੈਠਕ ਕਰ ਕੇ ਸੁਰੱਖਿਆ ਵਿਵਸਥਾ ਖਾਸ ਤੌਰ ’ਤੇ ਬਾਰਡਰ ’ਤੇ ਸਾਵਧਾਨੀ ਨੂੰ ਲੈ ਕੇ ਚਰਚਾ ਕੀਤੀ ਹੈ।


Rakesh

Content Editor

Related News