ਪੀ.ਓ.ਕੇ. ਨੂੰ ਪਾਕਿਸਤਾਨ ਸਰਕਾਰ ਨਹੀਂ, ਦਹਿਸ਼ਤਗਰਦ ਚਲਾ ਰਹੇ ਹਨ : ਬਿਪਿਨ ਰਾਵਤ

Saturday, Oct 26, 2019 - 10:12 AM (IST)

ਪੀ.ਓ.ਕੇ. ਨੂੰ ਪਾਕਿਸਤਾਨ ਸਰਕਾਰ ਨਹੀਂ, ਦਹਿਸ਼ਤਗਰਦ ਚਲਾ ਰਹੇ ਹਨ : ਬਿਪਿਨ ਰਾਵਤ

ਨਵੀਂ ਦਿੱਲੀ— ਫੌਜ ਦੇ ਮੁਖੀ ਬਿਪਿਨ ਰਾਵਤ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ (ਪੀ. ਓ. ਕੇ.) ਅਤੇ ਗਿਲਗਿਤ-ਬਾਲਟਿਸਤਾਨ ਭਾਰਤ ਦੇ ਹਨ। ਉਨ੍ਹਾਂ ਕਿਹਾ ਕਿ ਪੀ. ਓ. ਕੇ. ਨੂੰ ਪਾਕਿਸਤਾਨੀ ਸਰਕਾਰ ਨਹੀਂ, ਸਗੋਂ ਦਹਿਸ਼ਤਗਰਦ ਚਲਾ ਰਹੇ ਹਨ। ਉਨ੍ਹਾਂ ਦਾ ਉਥੇ ਪੂਰਾ ਕੰਟਰੋਲ ਹੈ।
ਉਨ੍ਹਾਂ ਕਿਹਾ ਕਿ ਜਦੋਂ ਅਸੀਂ ਜੰਮੂ-ਕਸ਼ਮੀਰ ਕਹਿੰਦੇ ਹਾਂ ਤਾਂ ਇਸ ਦਾ ਅਰਥ ਪੂਰਾ ਜੰਮੂ-ਕਸ਼ਮੀਰ ਸੂਬਾ ਹੁੰਦਾ ਹੈ, ਜਿਸ ਵਿਚ ਪੀ. ਓ. ਕੇ. ਅਤੇ ਗਿਲਗਿਤ-ਬਾਲਟਿਸਤਾਨ ਸ਼ਾਮਲ ਹੁੰਦੇ ਹਨ। ਇਸ ਕਾਰਣ ਪੀ. ਓ. ਕੇ. ਅਤੇ ਬਾਲਟਿਸਤਾਨ ਇਕ ਕਬਜ਼ੇ ਵਾਲੇ ਇਲਾਕੇ ਹਨ। ਇਸ ਇਲਾਕੇ ਨੂੰ ਪੱਛਮੀ ਗਵਾਂਢੀ ਨੇ ਗੈਰ-ਕਾਨੂੰਨੀ ਢੰਗ ਨਾਲ ਹਥਿਆ ਲਿਆ ਹੈ।

ਪਾਕਿਸਤਾਨ ਨੂੰ ਦੋ-ਟੁੱਕ ਲਫਜ਼ਾਂ ਵਿਚ ਫੌਜ ਦੇ ਮੁਖੀ ਨੇ ਕਿਹਾ ਕਿ ਸਾਨੂੰ ਇਸ ਗੱਲ ਦਾ ਯਕੀਨ ਹੈ ਕਿ ਸਾਨੂੰ ਸਾਡੇ 'ਆਖਰੀ ਨਿਸ਼ਾਨੇ' ਤੋਂ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਕਿਹਾ ਕਿ 'ਆਖਰੀ ਨਿਸ਼ਾਨਾ' ਹਾਸਲ ਕਰਨ ਵਿਚ ਸਾਨੂੰ ਸਮਾਂ ਜ਼ਰੂਰ ਲੱਗ ਸਕਦਾ ਹੈ ਪਰ ਆਖਿਰ ਵਿਚ ਧੁੰਦ ਮਿਟੇਗੀ ਅਤੇ ਚਾਨਣਾ ਹੋਵੇਗਾ। ਉਨ੍ਹਾਂ ਨੇ ਯਕੀਨ ਪ੍ਰਗਟ ਕੀਤਾ ਕਿ ਧਾਰਾ-370 ਹਟਾਏ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ਨੂੰ ਦੇਸ਼ ਨਾਲ ਜੋੜਨ ਵਿਚ ਬਹੁਤ ਸਹਾਇਤਾ ਮਿਲੀ।

ਪਾਕਿਸਤਾਨ ਗੁੰਦ ਰਿਹਾ ਹੈ ਗੋਂਦਾਂ
ਬਿਪਿਨ ਰਾਵਤ ਨੇ ਕਿਹਾ ਕਿ ਪਾਕਿਸਤਾਨ ਜੰਮੂ-ਕਸ਼ਮੀਰ ਵਿਚ ਹਾਲਾਤ ਵਿਗਾੜਨ ਲਈ ਗੋਂਦਾਂ ਗੁੰਦ ਰਿਹਾ ਹੈ। ਦਹਿਸ਼ਤਗਰਦਾਂ ਵਲੋਂ ਅਮਨ-ਕਾਨੂੰਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕਦੇ ਇਨ੍ਹਾਂ ਦਹਿਸ਼ਤਗਰਦਾਂ ਨੇ ਦੂਜੇ ਸੂਬਿਆਂ ਤੋਂ ਆਏ ਸੇਬ ਵਪਾਰੀਆਂ ਨੂੰ ਕਤਲ ਕੀਤਾ ਹੈ ਅਤੇ ਕਦੇ ਇਹ ਦੁਕਾਨਦਾਰਾਂ ਨੂੰ ਧਮਕਾ ਕੇ ਦੁਕਾਨਾਂ ਖੋਲ੍ਹਣ ਤੋਂ ਰੋਕ ਰਹੇ ਹਨ। ਇੰਨਾ ਹੀ ਨਹੀਂ, ਸਕੂਲ ਖੋਲ੍ਹੇ ਜਾਣ ਤੋਂ ਬਾਅਦ ਵੀ ਇਨ੍ਹਾਂ ਦਹਿਸ਼ਤਗਰਦਾਂ ਨੇ ਬੱਚਿਆਂ ਨੂੰ ਖੌਫਜ਼ਦਾ ਕਰਦੇ ਹੋਏ ਸਕੂਲ ਜਾਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। ਦਰਅਸਲ ਇਹ ਸਭ ਕੁਝ ਪਾਕਿਸਤਾਨ ਦੇ ਇਸ਼ਾਰਿਆਂ 'ਤੇ ਹੀ ਹੋ ਰਿਹਾ ਹੈ।


author

DIsha

Content Editor

Related News